ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਰਾਬਿਨ ਉਥੱਪਾ ਨੇ ਦੱਸਿਆ ਕਿ ਆਪਣੇ ਕਰੀਅਰ ਵਿਚ ਉਹ ਦੋ ਸਾਲ ਤਕ ਡਿਪ੍ਰਰੈਸ਼ਨ ਤੇ ਖ਼ੁਦਕੁਸ਼ੀ ਦੇ ਖ਼ਿਆਲਾਂ ਨਾਲ ਜੂਝਦਾ ਰਿਹਾ ਜਦ ਕ੍ਰਿਕਟ ਹੀ ਇੱਕੋ ਇਕ ਕਾਰਨ ਸੀ ਜਿਸ ਨੇ ਉਨ੍ਹਾਂ ਨੂੰ ਬਾਲਕਨੀ ਤੋਂ ਛਾਲ ਮਾਰਨ ਤੋਂ ਰੋਕਿਆ। ਭਾਰਤ ਲਈ 46 ਵਨ ਡੇ ਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਉਥੱਪਾ ਨੂੰ ਇਸ ਸਾਲ ਆਈਪੀਐੱਲ ਵਿਚ ਰਾਜਸਥਾਨ ਰਾਇਲਜ਼ ਨੇ ਤਿੰਨ ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਈਪੀਐੱਲ ਮੁਲਤਵੀ ਕਰ ਦਿੱਤਾ ਗਿਆ ਹੈ।

ਉਥੱਪਾ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ 2009 ਤੋਂ 2011 ਵਿਚਾਲੇ ਇਹ ਲਗਾਤਾਰ ਹੋ ਰਿਹਾ ਸੀ ਤੇ ਮੈਨੂੰ ਰੋਜ਼ ਇਸ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਉਸ ਸਮੇਂ ਕ੍ਰਿਕਟ ਬਾਰੇ ਸੋਚ ਵੀ ਨਹੀਂ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਇਸ ਦਿਨ ਕਿਵੇਂ ਰਹਾਂਗਾ ਤੇ ਅਗਲਾ ਦਿਨ ਕਿਹੋ ਜਿਹਾ ਹੋਵੇਗਾ, ਮੇਰੇ ਜੀਵਨ ਵਿਚ ਕੀ ਹੋ ਰਿਹਾ ਹੈ ਤੇ ਮੈਂ ਕਿਸ ਦਿਸ਼ਾ ਵਿਚ ਅੱਗੇ ਜਾ ਰਿਹਾ ਹਾਂ। ਕ੍ਰਿਕਟ ਨੇ ਇਨ੍ਹਾਂ ਗੱਲਾਂ ਨੂੰ ਮੇਰੇ ਜ਼ਿਹਨ 'ਚੋਂ ਕੱਢਿਆ। ਮੈਚ ਤੋਂ ਇਲਾਵਾ ਦਿਨਾਂ ਜਾਂ ਆਫ ਸੈਸ਼ਨ ਵਿਚ ਬੜੀ ਮੁਸ਼ਕਲ ਹੁੰਦੀ ਸੀ। ਉਥੱਪਾ ਨੇ ਕਿਹਾ ਕਿ ਮੈਂ ਉਨ੍ਹਾਂ ਦਿਨਾਂ ਵਿਚ ਇਧਰ-ਉਧਰ ਬੈਠ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਦੌੜ ਕੇ ਜਾਵਾਂ ਤੇ ਬਾਲਕਨੀ ਤੋਂ ਛਾਲ ਮਾਰ ਦੇਵਾਂ ਪਰ ਕਿਸੇ ਚੀਜ਼ ਨੇ ਮੈਨੂੰ ਰੋਕੀ ਰੱਖਿਆ। ਉਥੱਪਾ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਨੇ ਡਾਇਰੀ ਲਿਖਣੀ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਇਨਸਾਨ ਵਜੋਂ ਖ਼ੁਦ ਨੂੰ ਸਮਝਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤੋਂ ਬਾਅਦ ਬਾਹਰੀ ਮਦਦ ਲਈ ਤਾਂਕਿ ਆਪਣੇ ਜੀਵਨ ਵਿਚ ਤਬਦੀਲੀ ਲਿਆ ਸਕਾਂ।