ਬਲੂਮਫੋਨਟੇਨ (ਦੱਖਣ ਅਫਰੀਕਾ) (ਏਜੰਸੀ) : ਮੌਜੂਦਾ ਜੇਤੂ ਭਾਰਤੀ ਟੀਮ ਆਈਸੀਸੀ ਅੰਡਰ-19 ਵਿਸ਼ਵ ਕੱਪ ਵਿਚ ਆਪਣੇ ਖ਼ਿਤਾਬ ਬਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਸ੍ਰੀਲੰਕਾ ਵਿਰੁੱਧ ਹੋਣ ਵਾਲੇ ਮੈਚ ਨਾਲ ਕਰੇਗੀ। ਪਿ੍ਅਮ ਗਰਗ ਦੀ ਕਪਤਾਨੀ ਵਾਲੀ ਟੀਮ ਕਾਫ਼ੀ ਪਹਿਲਾਂ ਦੱਖਣ ਅਫਰੀਕਾ ਪੁੱਜ ਚੁੱਕੀ ਸੀ ਤੇ ਉਥੇ ਉਸ ਨੇ ਹਾਲਾਤ ਨਾਲ ਤਾਲਮੇਲ ਕਰਨ ਲਈ ਸੀਰੀਜ਼ ਵੀ ਖੇਡੀ ਹੈ। ਉਸ ਨੇ ਵਿਸ਼ਵ ਕੱਪ ਤੋਂ ਪਹਿਲਾਂ ਮੇਜ਼ਬਾਨ ਦੱਖਣ ਅਫਰੀਕਾ ਨੂੰ ਤਿੰਨ ਮੈਚਾਂ ਦੀ ਇਕ ਰੋਜ਼ਾ ਸੀਰੀਜ਼ ਵਿਚ 2-1 ਨਾਲ ਹਰਾ ਕੇ ਆਪਣੀਆਂ ਤਿਆਰੀਆਂ ਦਾ ਸਬੂਤ ਦੇ ਦਿੱਤਾ ਸੀ।

ਭਾਰਤੀ ਟੀਮ ਦੀ ਬੱਲੇਬਾਜ਼ੀ ਵਿਚ ਜੇ ਵੱਡੇ ਨਾਵਾਂ ਦਾ ਜ਼ਿਕਰ ਕਰੀਏ ਤਾਂ ਯਸ਼ਸਵੀ ਜਾਇਸਵਾਲ ਉਹ ਚਿਹਰਾ ਹੈ ਜਿਹੜਾ ਘਰੇਲੂ ਕ੍ਰਿਕਟ ਵਿਚ ਦਮਦਾਰ ਕਾਰਗੁਜ਼ਾਰੀ ਵਿਖਾ ਚੁੱਕਾ ਹੈ। ਉਹ ਅੰਡਰ-19 ਟੀਮ ਲਈ ਕਈ ਬਿਹਤਰੀਨ ਪਾਰੀਆਂ ਖੇਡਦਾ ਆਇਆ ਹੈ। ਯਸ਼ਸਵੀ, ਬੱਲੇਬਾਜ਼ੀ ਪੱਖੋਂ ਟੀਮ ਦਾ ਧੁਰਾ ਹੈ ਤੇ ਉਸ ਤੋਂ ਇਸ ਵਿਸ਼ਵ ਕੱਪ ਵਿਚ ਅਸਰਦਾਰ ਕਾਰਗੁਜ਼ਾਰੀ ਦੀ ਉਮੀਦ ਹੋਵੇਗੀ। ਨਾਲ ਹੀ ਉਹ ਗੇਂਦ ਜ਼ਰੀਏ ਵੀ ਯੋਗਦਾਨ ਦੇ ਸਕਦਾ ਹੈ। ਬੱਲੇਬਾਜ਼ੀ ਵਿਚ ਉਸ ਦਾ ਸਾਥ ਦੇਣ ਲਈ ਕਪਤਾਨ ਪਿ੍ਰਅਮ, ਤਿਲਕ ਵਰਮਾ, ਧਰੁਵ ਚੰਦ ਜੁਰੈਲ ਹਨ। ਦਿਵਿਆਂਸ਼ ਸਕਸੈਨਾ ਨੇ ਵੀ ਲੰਘੇ ਮੈਚਾਂ ਦੌਰਾਨ ਬੱਲੇਬਾਜ਼ੀ ਦੇ ਸਦਕਾ ਪ੍ਰਭਾਵਤ ਕੀਤਾ ਹੈ।

ਮੁਲਕ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਝਟਕਾ ਲੱਗ ਚੁੱਕਾ ਹੈ ਕਿਉਂਜੋ ਹਰਫ਼ਨਮੌਲਾ ਖਿਡਾਰੀ ਦਿਵਿਆਂਸ਼ ਜੋਸ਼ੀ ਇਕ ਦਿਨਾ ਲੜੀ ਵਿਚ ਫੱਟੜ ਹੋਣ ਕਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ ਤੇ ਉਹਦੀ ਥਾਂ ਸਿੱਧੇਸ਼ ਵੀਰ ਨੂੰ ਮੌਕਾ ਮਿਲਿਆ ਹੈ। ਗੇਂਦਬਾਜ਼ੀ ਵਿਚ ਭਾਰਤ ਕੋਲ ਸ਼ੁਭਮ ਹੇਗੜੇ ਤੇ ਕਾਰਤਿਕ ਤਿਆਗੀ ਤੋਂ ਟੀਮ ਨੂੰ ਵੱਡੀਆਂ ਉਮੀਦਾਂ ਹਨ। ਉਥੇ ਸ੍ਰੀਲੰਕਾ ਦੀ ਗੱਲ ਕੀਤੀ ਜਾਵੇ ਤਾਂ ਬੱਲੇਬਾਜ਼ੀ ਵਿਚ ਉਸ ਦਾ ਦਾਰੋਮਦਰਾ ਨਵੋਦ ਪਾਰਾਨਾਵਿਥਾਨਾ, ਨਿਪੁਨ ਧਨੰਜੇ ਦੇ ਜਿੰਮੇ ਹੋਵੇਗਾ। ਗੇਂਦਬਾਜ਼ੀ ਵਿਚ ਕਵਿੰਡੂ ਨਾਦੀਸ਼ਾਨ ਤੇ ਅਮਿਸ਼ਾ ਡਿਸਿਲਵਾ ਨੇ ਹੁਣੇ ਜਿਹੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ।

ਦੋਵਾਂ ਟੀਮਾਂ ਦਾ ਵੇਰਵਾ

ਭਾਰਤ ਅੰਡਰ-19 ਟੀਮ

ਪਿ੍ਰਅਮ ਗਰਗ (ਕਪਤਾਨ)

ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੈਲ (ਵਿਕਟਕੀਪਰ/ਉਪ ਕਪਤਾਨ), ਸ਼ਾਸਵਤ ਰਾਵਤ, ਸਿੱਧੇਸ਼ ਵੀਰ, ਸ਼ੁਭਾਂਗ ਹੇਗੜੇ, ਰਵੀ ਬਿਸ਼ਨੋਈ, ਅਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲੇਰਕਰ, ਕੁਮਾਰ ਕੁਸ਼ਾਗਰ (ਵਿਕਟਕੀਪਰ), ਸੁਸ਼ਾਂਤ ਮਿਸ਼ਰਾ, ਵਿੱਦਿਆਧਰ ਪਾਟਿਲ, ਸੀਟੀਐੱਲ ਫੀਲਡਿੰਗ।

ਸ਼੍ਰੀਲੰਕਾ ਅੰਡਰ-19 ਟੀਮ

ਨਿਪੁੰਨ ਧਨੰਜੇ (ਕਪਤਾਨ) ਨਾਵੋਦ ਪਾਰਾਨਾਵਿਥਾਨਾ, ਕਾਮਿਲ ਮਿਸ਼ਰਾ, ਅਹਾਨ ਵਿਕ੍ਰਮਾਸਿੰਘੇ, ਸੋਨਲ ਦਿਨੁਸ਼ਾ, ਰਵਿੰਡੂ ਰਾਸ਼ਾਂਥਾ, ਮੁਹੰਮਦ ਸ਼ਾਮਾਜ਼, ਤਾਵੀਸ਼ਾ ਅਭਿਸ਼ੇਕ, ਐੱਮਏ ਚਾਮਿੰਡੂ, ਵਿਜੇਸਿੰਘੇ, ਏਸ਼ਨ ਡੈਨੀਅਲ, ਦਿਲੁਮ ਸੁਧੀਰਾ, ਕਾਵਿੰਡੂ ਨਾਦੀਸ਼ਾਨ, ਐੱਲਐੱਮ ਦਿਲਸ਼ਾਨ, ਮਾਦੁਸ਼ਨਕਾ, ਮਾਥਿਸ਼ਾ ਪਾਥਿਰਾਨਾ ਤੇ ਆਮਸ਼ੀ ਡੀਸਿਲਵਾ।