ਨਵੀਂ ਦਿੱਲੀ (ਜੇਐੱਨਐੱਨ) : ਸ੍ਰੀਲੰਕਾ 'ਚ ਖੇਡੇ ਜਾ ਰਹੇ ਅੰਡਰ-19 ਏਸ਼ੀਆ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਹਨ। ਮੇਜ਼ਬਾਨ ਸ੍ਰੀਲੰਕਾ, ਭਾਰਤ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਨੇ ਆਖ਼ਰੀ ਚਾਰ 'ਚ ਥਾਂ ਬਣਾਈ ਹੈ। ਪਾਕਿਸਤਾਨ ਦੀ ਟੀਮ ਨੂੰ ਆਖ਼ਰੀ ਮੁਕਾਬਲੇ ਵਿਚ ਮਿਲੀ ਜਿੱਤ ਤੋਂ ਬਾਅਦ ਵੀ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ। ਮੰਗਲਵਾਰ ਨੂੰ ਖੇਡੇ ਗਏ ਗਰੁੱਪ ਮੁਕਾਬਲਿਆਂ ਤੋਂ ਬਾਅਦ ਅੰਡਰ-19 ਏਸ਼ੀਆ ਕੱਪ ਦੀਆਂ ਆਖ਼ਰੀ ਚਾਰ ਟੀਮਾਂ ਦਾ ਫ਼ੈਸਲਾ ਹੋ ਗਿਆ। ਭਾਰਤ ਨੇ ਤਿੰਨੇ ਗਰੁੱਪ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਕੇ ਅਜੇਤੂ ਰਹਿੰਦੇ ਹੋਏ ਸੈਮੀਫਾਈਨਲ ਵਿਚ ਥਾਂ ਬਣਾਈ। ਭਾਰਤ ਨੇ ਪਹਿਲੇ ਮੈਚ ਵਿਚ ਕੁਵੈਤ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਜਦਕਿ ਦੂਜੇ ਮੁਕਾਬਲੇ ਵਿਚ ਪਾਕਿਸਤਾਨ 'ਤੇ 60 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਆਖ਼ਰੀ ਲੀਗ ਮੈਚ ਵਿਚ ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਪਹਿਲਾ ਸੈਮੀਫਾਈਨਲ :

ਭਾਰਤੀ ਟੀਮ ਨੇ ਮੇਜ਼ਬਾਨ ਸ੍ਰੀਲੰਕਾ ਖ਼ਿਲਾਫ਼ ਸੈਮੀਫਾਈਨਲ ਦੇ ਪਹਿਲੇ ਮੈਚ ਵਿਚ ਖੇਡਣਾ ਹੈ। ਸ੍ਰੀਲੰਕਾ ਨੇ ਤਿੰਨ ਵਿਚੋਂ ਦੋ ਗਰੁੱਪ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਹੈ। ਮੇਜ਼ਬਾਨ ਟੀਮ ਗਰੁੱਪ 'ਬੀ' ਦੀ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਰਹੀ ਸੀ।

ਦੂਜਾ ਸੈਮੀਫਾਈਨਲ

ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੀ ਟੀਮ ਵਿਚਾਲੇ ਹੋਵੇਗਾ। ਬੰਗਲਾਦੇਸ਼ ਦੀ ਟੀਮ ਗਰੁੱਪ 'ਬੀ' 'ਚ ਚੋਟੀ 'ਤੇ ਰਹੀ ਸੀ ਜਦਕਿ ਅਫ਼ਗਾਨਿਸਤਾਨ ਗਰੁੱਪ 'ਏ' ਵਿਚ ਦੂਜੇ ਸਥਾਨ 'ਤੇ ਰਹੀ ਸੀ।

ਸੱਤਵੀਂ ਕਾਮਯਾਬੀ :

ਛੇ ਵਾਰ ਦੇ ਅੰਡਰ 19 ਏਸ਼ੀਅਨ ਚੈਂਪੀਅਨ ਭਾਰਤ ਨੇ ਸੱਤਵੀਂ ਵਾਰ ਸੈਮੀਫਾਈਨਲ 'ਚ ਥਾਂ ਬਣਾਈ ਹੈ। ਭਾਰਤ ਇਸ ਤੋਂ ਪਹਿਲਾਂ ਖੇਡੇ ਗਏ ਅੱਠ ਵਿਚੋਂ ਛੇ ਟੂਰਨਾਮੈਂਟਾਂ ਦੇ ਸੈਮੀਫਾਈਨਲ ਵਿਚ ਪੁੱਜਾ ਸੀ। ਪਿਛਲੀ ਵਾਰ ਉਹ ਸੈਮੀਫਾਈਨਲ ਵਿਚ ਪੁੱਜਣ ਤੋਂ ਖੁੰਝ ਗਿਆ ਸੀ।