style="text-align: justify;"> ਬੇਨੋਨੀ (ਪੀਟੀਆਈ) : ਮੁਹੰਮਦ ਹੁਰੇਰਾ ਦੇ ਅਰਧ ਸੈਂਕੜੇ ਤੇ ਗੇਂਦਬਾਜ਼ਾਂ ਦੇ ਚੰਗੇ ਯੋਗਦਾਨ ਦੀ ਬਦੌਲਤ ਪਾਕਿਸਤਾਨ ਨੇ ਇੱਥੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਪਾਕਿ ਦਾ ਹੁਣ ਸੈਮੀਫਾਈਨਲ ਵਿਚ ਸਾਹਮਣਾ ਭਾਰਤੀ ਟੀਮ ਨਾਲ ਹੋਵੇਗਾ। ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ ਸੀ। ਦੋਵਾਂ ਟੀਮਾਂ ਵਿਚਾਲੇ ਇਹ ਸਖ਼ਤ ਮੁਕਾਬਲਾ ਚਾਰ ਫਰਵਰੀ ਨੂੰ ਖੇਡਿਆ ਜਾਵੇਗਾ।

ਅਫ਼ਗਾਨਿਸਤਾਨ ਨੇ 189 ਦੌੜਾਂ ਦਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਵੀ ਚੁਣੌਤੀ ਪੇਸ਼ ਕੀਤੀ ਪਰ ਬੋਰਡ 'ਤੇ ਜ਼ਿਆਦਾ ਸਕੋਰ ਨਾ ਹੋਣ ਤੇ ਹੁਰੇਰਾ ਦੀ ਜ਼ਬਰਦਸਤ ਪਾਰੀ ਕਾਰਨ ਉਹ ਮੈਚ ਨਹੀਂ ਜਿੱਤ ਸਕੇ। ਹੁਰੇਰਾ ਤੋਂ ਇਲਾਵਾ ਕਾਸਿਮ ਅਕਰਮ ਦੀਆਂ ਅਜੇਤੂ 25 ਤੇ ਮੁਹੰਮਦ ਹੈਰਿਸ ਦੀਆਂ ਅਜੇਤੂ 29 ਦੌੜਾਂ ਦੀ ਬਦੌਲਤ ਪਾਕਿ ਨੇ 41.1 ਓਵਰਾਂ ਵਿਚ ਹੀ ਜਿੱਤ ਦਰਜ ਕਰ ਲਈ।