ਦੁਬਈ (ਪੀਟੀਆਈ) : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਕ੍ਰਿਕਟਰਾਂ ਆਮਿਰ ਹਯਾਤ ਤੇ ਅਸ਼ਫਾਕ ਅਹਿਮਦ 'ਤੇ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਦੇ ਉਲੰਘਣ ਦੇ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਦੋਵਾਂ ਨੂੰ ਤੁਰੰਤ ਅਸਰ ਨਾਲ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਨੇ ਅਸ਼ਫਾਕ ਨੂੰ ਪਿਛਲੇ ਸਾਲ ਅਕਤੂਬਰ ਵਿਚ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਕੁਆਲੀਫਾਇਰ ਦੌਰਾਨ ਮੁਅੱਤਲ ਕਰ ਦਿੱਤਾ ਸੀ ਪਰ ਅਜੇ ਤਕ ਰਸਮੀ ਦੋਸ਼ ਤੈਅ ਨਹੀਂ ਕੀਤੇ ਗਏ ਸਨ। ਇਨ੍ਹਾਂ ਦੋਵਾਂ ਨੇ ਰਿਸ਼ਵਤ ਲੈ ਕੇ ਖ਼ਰਾਬ ਪ੍ਰਦਰਸ਼ਨ ਕਰਨ ਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀ। 38 ਸਾਲਾ ਹਯਾਤ ਮੱਧਮ ਰਫ਼ਤਾਰ ਦਾ ਗੇਂਦਬਾਜ਼ ਹੈ ਜਿਸ ਨੇ ਨੌਂ ਵਨ ਡੇ ਤੇ ਚਾਰ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਦਕਿ 35 ਸਾਲਾ ਅਸ਼ਫਾਕ ਨੇ 16 ਵਨ ਡੇ ਤੇ 12 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।

ਆਈਸੀਸੀ ਨੇ ਕਿਹਾ ਕਿ ਖਿਡਾਰੀਆਂ ਕੋਲ ਦੋਸ਼ਾਂ ਦਾ ਜਵਾਬ ਦੇਣ ਲਈ 13 ਸਤੰਬਰ ਤੋਂ 14 ਦਿਨ ਦਾ ਸਮਾਂ ਹੋਵੇਗਾ। ਆਈਸੀਸੀ ਅਜੇ ਇਨ੍ਹਾਂ ਦੋਸ਼ਾਂ ਦੇ ਸਬੰਧ ਵਿਚ ਅੱਗੇ ਕੋਈ ਟਿੱਪਣੀ ਨਹੀਂ ਕਰੇਗੀ। ਆਮਿਰ ਤੇ ਅਸ਼ਫਾਕ 'ਤੇ ਆਈਸੀਸੀ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਦੇ ਆਰਟੀਕਲ 2.1.3 ਦੇ ਤਹਿਤ ਪਹਿਲਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਆਰਟੀਕਲ 2.4.2 ਤੋਂ ਲੈ ਕੇ ਆਰਟੀਕਲ 2.4.5 ਤਕ ਚਾਰ ਹੋਰ ਦੋਸ਼ ਲਾਏ ਗਏ ਹਨ।