ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਹਿਲਾ ਟੀਮ ਦੀ ਧਮਾਕੇਦਾਰ ਬੱਲੇਬਾਜ਼ ਸ਼ੇਫਾਲੀ ਵਰਮਾ ਆਸਟ੍ਰੇਲੀਆ ਵਿਚ ਹੋਣ ਵਾਲੀ ਮਹਿਲਾ ਬਿਗ ਬੈਸ਼ ਲੀਗ (ਡਬਲਯੂਬੀਬੀਐੱਲ) ਵਿਚ ਦੋ ਵਾਰ ਦੀ ਚੈਂਪੀਅਨ ਸਿਡਨੀ ਸਿਕਸਰਜ਼ ਵੱਲੋਂ ਸ਼ੁਰੂਆਤ ਕਰਨ ਲਈ ਤਿਆਰ ਹੈ। ਉਥੇ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਦੀ ਵੀ ਸਿਡਨੀ ਸਿਕਸਰਜ਼ ਨਾਲ ਗੱਲਬਾਤ ਜਾਰੀ ਹੈ। ਸ਼ੇਫਾਲੀ ਅਜੇ ਨਾਬਾਲਗ ਹੈ ਇਸ ਲਈ ਲੀਗ ਵਿਚ ਖੇਡਣ ਲਈ ਉਨ੍ਹਾਂ ਦੇ ਪਿਤਾ ਨੂੰ ਸਹਿਮਤੀ ਪੱਤਰ 'ਤੇ ਦਸਤਖ਼ਤ ਕਰਨ ਦੀ ਲੋੜ ਪਵੇਗੀ।

ਸ਼ੇਫਾਲੀ ਤੋਂ ਇਲਾਵਾ ਇਸ ਲੀਗ ਨਾਲ ਭਾਰਤੀ ਟੀ-20 ਕਪਤਾਨ ਹਰਮਨਪ੍ਰਰੀਤ ਕੌਰ (ਸਿਡਨੀ ਥੰਡਰ), ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ (ਬਿ੍ਸਬੇਨ ਹੀਟ) ਤੇ ਹਰਫ਼ਨਮੌਲਾ ਵੇਦਾ ਕ੍ਰਿਸ਼ਨਾਮੂਰਤੀ (ਹੋਬਾਰਟ ਹਰੀਕੇਂਸ) ਵੀ ਜੁੜੀਆਂ ਹੋਈਆਂ ਹਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਕਾਬਜ ਸ਼ੇਫਾਲੀ ਇਸ ਸਾਲ ਦੇ ਅੰਤ ਵਿਚ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੀ 100 ਗੇਂਦਾਂ ਦੀ ਘਰੇਲੂ ਚੈਂਪੀਅਨਸ਼ਿਪ ਦ ਹੰਡਰਡ ਦੇ ਪਹਿਲੇ ਸੈਸ਼ਨ ਵਿਚ ਬਰਮਿੰਘਮ ਫੀਨਿਕਸ ਦੀ ਵੀ ਨੁਮਾਇੰਦਗੀ ਕਰੇਗੀ।

ਟੀ-20 ਮੈਚਾਂ ਦੀ ਹੈ ਸ਼ਾਨਦਾਰ ਖਿਡਾਰਨ

ਦ ਹੰਡਰਡ ਨੂੰ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਸਾਲ ਇਹ ਟੂਰਨਾਮੈਂਟ 21 ਜੁਲਾਈ ਨੂੰ ਹੋਵੇਗਾ। ਸ਼ੇਫਾਲੀ ਵਰਮਾ ਲਈ ਦ ਹੰਡਰਡ ਛੋਟੇ ਫਾਰਮੈਟ ਵਿਚ ਪਹਿਲਾ ਵਿਦੇਸ਼ੀ ਟੂਰਨਾਮੈਂਟ ਹੋਵੇਗਾ। ਉਨ੍ਹਾਂ ਨੇ 22 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 148.31 ਦੇ ਬਿਹਤਰੀਨ ਸਟ੍ਰਾਈਕ ਰੇਟ ਨਾਲ 617 ਦੌੜਾਂ ਬਣਾਈਆਂ ਹਨ।