ਵੈਲਿੰਗਟਨ : ਭਾਰਤ ਦੇ ਖਿਲਾਫ਼ ਪਹਿਲੇ ਟੀ-20 ਮੈਚ 'ਚ 43 ਗੇਂਦਾਂ 'ਤੇ 84 ਦੌੜਾਂ ਦੀ ਤੂਫਾਨੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਵਿਕਟ ਕੀਪਰ-ਬੱਲੇਬਾਜ਼ ਟਿਮ ਸਾਈਫਰਟ ਨੇ ਕਿਹਾ ਕਿ ਆਖਰ ਕਿਉਂ ਉਹ ਭਾਰਤੀ ਟੀਮ ਦੇ ਖਿਲਾਫ਼ ਇਹ ਤੂਫਾਨੀ ਪਾਰੀ ਖੇਡਣ 'ਚ ਕਾਮਯਾਬ ਰਹੇ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਯੂਟਿਊਬ ਚੈਨਲ 'ਤੇ ਬ੍ਰੈਂਡਨ ਮੈਕੁਲਮ ਦਾ ਵੀਡੀਓ ਦੇਖਿਆ।

ਸਾਈਫਰਟ ਨੇ ਕਿਹਾ ਕਿ ਜਦੋਂ ਮੈਨੂੰ ਕਿਹਾ ਗਿਆ ਕਿ ਮੈਨੂੰ ਓਪਨਿੰਗ ਕਰਨੀ ਹੈ ਤਾਂ ਮੈਨੂੰ ਹਾਸਾ ਆ ਗਿਆ। ਇਸਦੇ ਬਾਅਦ ਮੈਂ ਯੂਟਿਊਬ 'ਤੇ ਬ੍ਰੈਂਡਨ ਮੈਕੁਲਮ ਦੀਆਂ ਪਾਰੀਆਂ ਦੀ ਵੀਡੀਓ ਦੇਖੀ। ਜੇਕਰ ਮੈਂ ਕਹਾਂਗਾ ਕਿ ਮੈਕੁਲਮ ਮੇਰੇ ਹੀਰੋ ਨਹੀਂ ਸਨ ਤਾਂ ਮੈਂ ਝੂਠ ਬੋਲਾਂਗਾ।

ਮੈਂ ਉਨ੍ਹਾਂ ਨੂੰ ਬਚਪਨ ਤੋਂ ਖੇਡਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਟੀਮ 'ਚ ਸ਼ਾਮਲ ਹੋਣ ਨੂੰ ਲੈ ਕੇ ਚਿੰਤਾ 'ਚ ਨਹੀਂ ਹਾਂ। ਮੈਂ ਵਿਸ਼ਵ ਕੱਪ ਖੇਡਣਾ ਚਾਹੁੰਦਾ ਹਾਂ ਅਤੇ ਇਸਦੇ ਲਈ ਮੇਰੇ ਕੋਲ ਹਾਲੇ ਸਮਾਂ ਹੈ।

ਆਪਣੇ ਖੇਡ ਦੇ ਬਾਰੇ ਸਾਈਫਰਟ ਨੇ ਕਿਹਾ ਕਿ ਮੈਂ ਸਿਰਫ਼ ਖੇਡਣਾ ਚਾਹੁੰਦਾ ਹਾਂ ਅਤੇ ਉਹ ਕਰਨਾ ਚਾਹੁੰਦਾ ਜੋ ਮੈਂ ਕਰ ਸਕਦਾ ਹਾਂ। ਜੇਕਰ ਇਸ ਨਾਲ ਮੈਨੂੰ ਟੀਮ ਵਿਚ ਥਾਂ ਮਿਲ ਜਾਂਦੀ ਹੈ ਤਾਂ ਇਹ ਚੰਗੀ ਗੱਲ ਹੈ ਪਰ ਮੈਂ ਹਾਲੇ ਕਾਫੀ ਨੌਜਵਾਨ ਹਾਂ ਅਤੇ ਮੇਰੇਕੋਲ ਹਾਲੇ ਸਮਾਂ ਹੈ।

ਸੱਚ ਕਹਾਂ ਤਾਂ ਮੈਂ ਇਸ ਵਿਸ਼ਵ ਕੱਪ 'ਚ ਖੇਡਣਾ ਚਾਹੁੰਦਾ ਹਾਂ। ਜੇਕਰ ਮੈਂ ਇਸਦਾ ਹਿੱਸਾ ਬਣ ਸਕਿਆ ਤਾਂ ਠੀਕ ਹੈ ਪਰ ਜੇਕਰ ਮੈਂ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਤਾਂ ਅਗਲੇ ਵਿਸ਼ਵ ਕੱਪ 'ਚ ਖੇਡਣ ਲਈ ਤਿਆਰੀ ਕਰਾਂਗਾ।


ਭਾਰਤ ਦੇ ਖਿਲਾਫ ਇਸ ਸ਼ਾਨਦਾਰ ਪਾਰੀ ਤੋਂ ਪਹਿਲਾਂ ਸਾਈਫਰਟ ਨੇ ਤਿੰਨ ਮੈਚਾਂ 'ਚ ਨੰਬਰ ਤਿੰਨ 'ਤੇ ਖੇਡਦੇ ਹੋਏ ਸਿਰਫ਼ ਸੱਤ ਦੀ ਔਸਤ ਨਾਲ 14 ਦੌੜਾਂ ਬਣਾਈਆਂ ਸਨ, ਜਦਕਿ ਸੱਤ ਨੰਬਰ 'ਤੇ ਚਾਰ ਵਾਰੀ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 8.33 ਦੀ ਔਸਤ ਨਾਲ 25 ਦੌੜਾਂ ਅਤੇ ਇਕ ਵਾਰੀ ਨੰਬਰ ਅੱਠ 'ਤੇ ਬੱਲੇਬਾਜ਼ੀ ਕਰਦੇ ਹੋਏ ਤਿੰਨ ਦੌੜਾਂ ਬਣਾਈਆਂ ਸਨ, ਪਰ ਬਤੌਰ ਓਪਨਰ ਇਸ ਨੌਜਵਾਨ ਬੱਲੇਬਾਜ਼ ਨੇ ਭਾਰਤ ਦੇ ਖਿਲਾਫ਼ 84 ਦੌੜਾਂ ਦੀ ਪਾਰੀ ਖੇਡ ਕੇ ਖੁਦ ਦੀ ਪ੍ਰਤਿਭਾ ਨੂੰ ਸਾਬਿਤ ਕੀਤਾ।

Posted By: Arundeep