ਨਵੀਂ ਦਿੱਲੀ (ਜੇਐੱਨਐੱਨ) : ਸੂਰਿਆ ਕੁਮਾਰ ਯਾਦਵ ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸਮੂਹਕ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਵੀਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਚੌਥੇ ਟੀ-20 ਮੈਚ ਵਿਚ ਇੰਗਲੈਂਡ ਨੂੰ ਅੱਠ ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ਵਿਚ 2-2 ਨਾਲ ਬਰਾਬਰੀ ਹਾਸਲ ਕਰ ਲਈ। ਸੂਰਿਆ ਕੁਮਾਰ ਦੀਆਂ 31 ਗੇਂਦਾਂ 'ਤੇ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਬਣਾਈਆਂ ਗਈਆਂ 57 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 185 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਫਰਾ ਆਰਚਰ (4/33) ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਜਵਾਬ ਵਿਚ ਇੰਗਲੈਂਡ ਦੀ ਟੀਮ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 177 ਦੌੜਾਂ ਤਕ ਹੀ ਪੁੱਜ ਸਕੀ।