ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਇੰਗਲੈਂਡ ਸੀਰੀਜ਼ ਦੇ ਤੁਰੰਤ ਬਾਅਦ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਪੀਈਪੀਐੱਲ) ਭਾਰਤ ਵਿਚ ਹੀ ਪੰਜ ਤੋਂ ਛੇ ਸ਼ਹਿਰਾਂ ਵਿਚ ਕਰਵਾਈ ਜਾਵੇਗੀ। ਕੋਰੋਨਾ ਕਾਰਨ ਆਈਪੀਐੱਲ-13 ਪਿਛਲੇ ਸਾਲ 19 ਸਤੰਬਰ ਤੋਂ 10 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਕਰਵਾਇਆ ਗਿਆ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਵਾਰ ਤੈਅ ਕੀਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਭਾਰਤ ਵਿਚ ਹੀ ਹੋਵੇਗੀ। ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਪਹਿਲਾਂ ਅਸੀਂ ਲੋਕ ਗੱਲਬਾਤ ਕਰ ਰਹੇ ਸੀ ਕਿ ਇਕ ਸ਼ਹਿਰ ਵਿਚ ਲੀਗ ਮੁਕਾਬਲੇ ਕਰਵਾਏ ਜਾਣ ਤੇ ਦੂਜੇ ਸ਼ਹਿਰ ਵਿਚ ਨਾਕਆਊਟ ਮੁਕਾਬਲੇ ਕਰਵਾਏ ਜਾਣ। ਇਸ ਕਾਰਨ ਅਸੀਂ ਸਿਰਫ਼ ਇਕ ਬਾਇਓ ਬਬਲ (ਖਿਡਾਰੀਆਂ ਲਈ ਬਣਾਏ ਗਏ ਖ਼ਾਸ ਸੁਰੱਖਿਅਤ ਮਾਹੌਲ) ਵਿਚ ਹੀ ਪੂਰਾ ਟੂਰਨਾਮੈਂਟ ਕਰਵਾ ਲੈਂਦੇ ਪਰ ਹੁਣ ਇਹ ਤੈਅ ਕੀਤਾ ਗਿਆ ਹੈ ਕਿ 11 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ ਪੰਜ-ਛੇ ਸ਼ਹਿਰਾਂ ਵਿਚ ਕਰਵਾਇਆ ਜਾਵੇਗਾ। ਇਸ ਲਈ ਸਾਨੂੰ ਪੰਜ ਤੋਂ ਛੇ ਬਾਇਓ ਬਬਲ ਬਣਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਜਲਦ ਦੀ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਦਿੱਲੀ ਕੈਪੀਟਲਜ਼ ਦੇ ਸਹਿ ਮਾਲਿਕ ਪਾਰਥ ਜਿੰਦਲ ਨੇ ਕਿਹਾ ਸੀ ਕਿ ਅਜਿਹਾ ਲੱਗ ਰਿਹਾ ਹੈ ਕਿ ਲੀਗ ਮੈਚ ਮੁੰਬਈ ਵਿਚ ਤੇ ਨਾਕਆਊਟ ਮੁਕਾਬਲੇ ਅਹਿਮਦਾਬਾਦ ਵਿਚ ਹੋਣਗੇ। ਮੁੰਬਈ ਵਿਚ ਵਾਨਖੇੜੇ ਤੋਂ ਇਲਾਵਾ ਬ੍ਰੇਬੋਰਨ ਤੇ ਡੀਵਾਈ ਪਾਟਿਲ ਸਟੇਡੀਅਮ ਹਨ। ਅਹੁਦੇਦਾਰ ਨੇ ਕਿਹਾ ਕਿ ਪਹਿਲਾਂ ਅਸੀਂ ਲੋਕ ਅਜਿਹਾ ਸੋਚ ਰਹੇ ਸੀ ਪਰ ਕੋਰੋਨਾ ਦੇ ਹਾਲਾਤ ਸ਼ਹਿਰ ਦਰ ਸ਼ਹਿਰ ਬਦਲ ਰਹੇ ਹਨ। ਮੁੰਬਈ ਵਿਚ ਅਸੀਂ ਸਾਰੇ ਮੈਚਾਂ ਦੀ ਯੋਜਨਾ ਬਣਾ ਲਈਏ ਤੇ ਉਥੇ ਲਾਕਡਾਊਨ ਲੱਗਣ ਵਰਗੇ ਹਾਲਾਤ ਆ ਜਾਣ ਤਾਂ ਸਭ ਖ਼ਰਾਬ ਹੋ ਜਾਵੇਗਾ। 2019 ਵਿਚ ਆਈਪੀਐੱਲ ਭਾਰਤ ਵਿਚ ਨੌਂ ਸ਼ਹਿਰਾਂ (ਚੇਨਈ, ਕੋਲਕਾਤਾ, ਮੁੰਬਈ, ਜੈਪੁਰ, ਦਿੱਲੀ, ਬੈਂਗਲੁਰੂ, ਹੈਦਰਾਬਾਦ, ਮੋਹਾਲੀ ਤੇ ਵਿਸ਼ਾਖਾਪਟਨਮ) ਵਿਚ ਹੋਇਆ ਸੀ। ਇਸ ਵਿਚ ਅੱਠ ਫਰੈਂਚਾਈਜ਼ੀਆਂ ਦੇ ਘਰੇਲੂ ਮੈਦਾਨ ਹਨ।

ਟੂਰਨਾਮੈਂਟ ਲਈ ਥਾਵਾਂ 'ਤੇ ਜਾਰੀ ਹੈ ਗੱਲਬਾਤ : ਬੀਸੀਸੀਆਈ ਦੇ ਅਹੁਦੇਦਾਰ ਨੇ ਕਿਹਾ ਕਿ ਇੰਨਾ ਤਾਂ ਤੈਅ ਹੈ ਕਿ ਇਸ ਵਾਰ ਨੌਂ ਮੈਦਾਨਾਂ ਵਿਚ ਮੈਚ ਨਹੀਂ ਹੋਣਗੇ। ਇੱਥੇ ਤਕ ਕਿ ਸਾਰੀਆਂ ਫਰੈਂਚਾਈਜ਼ੀਆਂ ਦੇ ਘਰੇਲੂ ਮੈਦਾਨਾਂ ਵਿਚ ਵੀ ਮੈਚ ਨਹੀਂ ਹੋਣਗੇ ਪਰ ਅਸੀਂ ਵੱਧ ਤੋਂ ਵੱਧ ਸਟੇਡੀਅਮਾਂ ਵਿਚ ਇਸ ਨੂੰ ਕਰਵਾਉਣ ਬਾਰੇ ਸੋਚ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਵਾਲੀ ਥਾਂ 'ਤੇ ਗੱਲਬਾਤ ਅਜੇ ਹੋ ਰਹੀ ਹੈ। ਇਸ ਵਿਚ ਫਰੈਂਚਾਈਜ਼ੀਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ। ਮੁੰਬਈ, ਦਿੱਲੀ, ਅਹਿਮਦਾਬਾਦ, ਚੇਨਈ, ਬੈਂਗਲੁਰੂ ਤੇ ਲਖਨਊ ਦੇ ਨਾਵਾਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਵੀ ਕਈ ਸ਼ਹਿਰਾਂ ਦੇ ਨਾਵਾਂ 'ਤੇ ਗੱਲਬਾਤ ਹੋਈ ਹੈ। ਜਲਦ ਹੀ ਫ਼ੈਸਲਾ ਲਿਆ ਜਾਵੇਗਾ।

Posted By: Susheel Khanna