ਹਰਾਰੇ (ਏਐੱਨਆਈ) : ਭਾਰਤੀ ਟੀਮ ਦੇ ਉੱਪ-ਕਪਤਾਨ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿੰਬਾਬਵੇ ਦੀ ਟੀਮ ਵਧੀਆ ਕ੍ਰਿਕਟ ਖੇਡ ਰਹੀ ਹੈ ਤੇ ਟੀਮ ਮੇਜ਼ਬਾਨਾਂ ਨੂੰ ਘੱਟ ਨਹੀਂ ਸਮਝ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਗਾਜ਼ ਵੀਰਵਾਰ ਨੂੰ ਹੋਵੇਗਾ।

ਪਿਛਲੇ ਦਿਨੀਂ ਭਾਰਤੀ ਟੀਮ ਨੇ ਵੈਸਟਇੰਡੀਜ਼ ਦੌਰੇ 'ਤੇ ਵਿੰਡੀਜ਼ ਦੀ ਟੀਮ ਨੂੰ ਵਨ ਡੇ ਤੇ ਟੀ-20 ਸੀਰੀਜ਼ ਵਿਚ ਹਰਾਇਆ ਸੀ। ਜ਼ਿੰਬਾਬਵੇ ਨੇ ਆਪਣੇ ਘਰ ਵਿਚ ਬੰਗਲਾਦੇਸ਼ ਖ਼ਿਲਾਫ਼ ਵਨ ਡੇ ਤੇ ਟੀ-20 ਸੀਰੀਜ਼ ਜਿੱਤੀ ਸੀ। ਧਵਨ ਨੇ ਕਿਹਾ ਕਿ ਇਹ ਚੰਗਾ ਹੈ ਕਿ ਜ਼ਿੰਬਾਬਵੇ ਨੇ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ਆਪਣੇ ਨਾਂ ਕਰ ਲਈ। ਮੈਨੂੰ ਪੂਰਾ ਯਕੀਨ ਹੈ ਕਿ ਜ਼ਿੰਬਾਬਵੇ ਦੀ ਟੀਮ ਵਧੀਆ ਕ੍ਰਿਕਟ ਖੇਡ ਰਹੀ ਹੈ। ਅਸੀਂ ਉਨ੍ਹਾਂ ਨੂੰ ਘੱਟ ਨਹੀਂ ਸਮਝ ਰਹੇ ਹਾਂ। ਅਸੀਂ ਇੱਥੇ ਚੰਗਾ ਪ੍ਰਦਰਸ਼ਨ ਕਰਨ ਲਈ ਆਏ ਹਾਂ। ਧਵਨ ਨੇ ਕਿਹਾ ਕਿ ਇਹ ਦੇਖਣਾ ਚੰਗਾ ਹੈ ਕਿ ਕੇਐੱਲ ਰਾਹੁਲ ਦੀ ਟੀਮ ਵਿਚ ਵਾਪਸੀ ਹੋ ਗਈ ਹੈ ਤੇ ਉਹ ਟੀਮ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਸਾਡੀ ਟੀਮ ਦੇ ਮੁੱਖ ਮੈਂਬਰ ਹਨ। ਏਸ਼ੀਆ ਕੱਪ ਆਉਣ ਵਾਲਾ ਹੈ ਤੇ ਇਸ ਕਾਰਨ ਉਨ੍ਹਾਂ ਦਾ ਟੀਮ ਵਿਚ ਆਉਣਾ ਚੰਗਾ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਦੌਰੇ 'ਤੇ ਕਾਫੀ ਕੁੱਝ ਸਿੱਖਣਗੇ।

ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਵਰਗੇ ਨੌਜਵਾਨ ਬੱਲੇਬਾਜ਼ਾਂ ਨੂੰ ਲੈ ਕੇ ਧਵਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਜੇ ਹੋਰ ਮੌਕਾ ਮਿਲੇਗਾ। ਉਨ੍ਹਾਂ ਖਿਡਾਰੀਆਂ ਕੋਲ ਵਿਸ਼ਵਾਸ ਹੈ ਤੇ ਚੰਗੀ ਤਕਨੀਕ ਵੀ ਹੈ। ਹਰ ਕੋਈ ਵੱਖ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਆਈਪੀਐੱਲ ਤੇ ਘਰੇਲੂ ਕ੍ਰਿਕਟ ਕਾਰਨ ਵਧਿਆ ਹੈ। ਉਹ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

Posted By: Gurinder Singh