ਦੁਬਈ (ਪੀਟੀਆਈ) : ਅਗਲੇ ਮਹੀਨੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੇ ਜੇਤੂ ਨੂੰ 16 ਲੱਖ ਡਾਲਰ (ਲਗਭਗ 13 ਕਰੋੜ ਰੁਪਏ) ਦੀ ਇਨਾਮੀ ਰਕਮ ਦਿੱਤੀ ਜਾਵੇਗੀ। ਆਈਸੀਸੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਉਪ ਜੇਤੂ ਨੂੰ ਅੱਠ ਲੱਖ ਡਾਲਰ ਮਤਲਬ ਕਿ 6.5 ਕਰੋੜ ਰੁਪਏ ਮਿਲਣਗੇ। ਡਬਲਯੂਟੀਸੀ ਫਾਈਨਲ ਲੰਡਨ ਵਿਚ ਦ ਓਵਲ ਵਿਚ ਸੱਤ ਤੋਂ 11 ਜੂਨ ਤਕ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਇਨਾਮੀ ਰਕਮ 2019-21 ਡਬਲਯੂਟੀਸੀ ਫਾਈਨਲ ਜਿੰਨੀ ਹੀ ਹੈ। ਇਸ ਵਿਚ ਕੁੱਲ 38 ਲੱਖ ਡਾਲਰ (31 ਕਰੋੜ ਰੁਪਏ) ਦੀ ਰਕਮ ਨੌਂ ਟੀਮਾਂ ਵਿਚ ਵੰਡੀ ਗਈ ਸੀ। ਦੋ ਸਾਲ ਪਹਿਲਾਂ ਕੇਨ ਵਿਲੀਅਮਸਨ ਦੀ ਕਪਤਾਨੀ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਟਰਾਫੀ ਜਿੱਤੀ ਸੀ ਤੇ ਕੀਵੀ ਟੀਮ ਨੂੰ 13 ਕਰੋੜ ਰੁਪਏ ਦੇ ਨਾਲ ਚਮਕਦਾ ਹੋਇਆ ਗੁਰਜ ਵੀ ਮਿਲਿਆ ਸੀ।

ਇਸ ਵਾਰ ਵੀ ਰਕਮ ਸਾਰੀਆਂ ਨੌਂ ਟੀਮਾਂ ਵਿਚ ਵੰਡੀ ਜਾਵੇਗੀ। ਤੀਜੇ ਨੰਬਰ 'ਤੇ ਰਹਿਣ ਵਾਲੇ ਦੱਖਣੀ ਅਫਰੀਕਾ ਨੂੰ 3.5 ਕਰੋੜ ਰੁਪਏ ਮਿਲਣਗੇ। ਚੌਥੇ ਸਥਾਨ 'ਤੇ ਖ਼ਤਮ ਕਰਨ ਵਾਲੀ ਇੰਗਲੈਂਡ ਦੀ ਟੀਮ ਨੂੰ 2.8 ਕਰੋੜ ਮਿਲਣਗੇ। ਪੰਜਵੇਂ ਸਥਾਨ 'ਤੇ ਖ਼ਤਮ ਕਰਨ ਵਾਲੀ ਸ੍ਰੀਲੰਕਾ ਦੀ ਟੀਮ ਨੂੰ 1.6 ਕਰੋੜ ਰੁਪਏ, ਉਥੇ ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਨੰਬਰ 'ਤੇ ਰਹਿਣ ਵਾਲੀ ਨਿਊਜ਼ੀਲੈਂਡ, ਪਾਕਿਸਤਾਨ, ਵੈਸਟਇੰਡੀਜ਼ ਤੇ ਬੰਗਲਾਦੇਸ਼ ਦੀ ਟੀਮ ਨੂੰ 82-82 ਲੱਖ ਰੁਪਏ ਮਿਲਣਗੇ।

ਇੰਗਲਿਸ ਦੇ ਕਵਰ ਵਜੋਂ ਪੀਅਰਸਨ ਆਸਟ੍ਰੇਲਿਆਈ ਟੀਮ 'ਚ

ਸਿਡਨੀ : ਆਸਟ੍ਰੇਲੀਆ ਨੇ ਵਿਕਟਕੀਪਰ ਜਿੰਮੀ ਪੀਅਰਸਨ ਨੂੰ ਬੈਕਅਪ ਵਿਕਟਕੀਪਰ ਜੋਸ਼ ਇੰਗਲਿਸ ਦੇ ਕਵਰ ਵਜੋਂ ਐਸ਼ੇਜ਼ ਟੀਮ ਵਿਚ ਸ਼ਾਮਲ ਕੀਤਾ ਹੈ। ਇੰਗਲਿਸ ਪਹਿਲੇ ਟੈਸਟ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਘਰ ਮੁੜ ਆਉਣਗੇ। ਐਲੇਕਸ ਕੈਰੀ ਭਾਰਤ ਖ਼ਿਲਾਫ਼ ਡਬਲਯੂਟੀਸੀ ਫਾਈਨਲ ਤੇ ਪੰਜ ਟੈਸਟ ਮੈਚਾਂ ਦੀ ਐਸ਼ੇਜ਼ ਸੀਰੀਜ਼ ਲਈ ਵਿਕਟਕੀਪਰ ਵਜੋਂ ਆਸਟ੍ਰੇਲੀਆ ਦੀ ਪਹਿਲੀ ਪਸੰਦ ਹਨ। ਇੰਗਲਿਸ ਨੂੰ ਉਨ੍ਹਾਂ ਦੇ ਬੈਕਅਪ ਵਜੋਂ ਚੁਣਿਆ ਗਿਆ ਹੈ। ਪਹਿਲੇ ਐਸ਼ੇਜ਼ ਟੈਸਟ ਤੋਂ ਬਾਅਦ ਇੰਗਲਿਸ ਪਰਥ ਮੁੜ ਜਾਣਗੇ ਤੇ ਦੂਜੇ ਟੈਸਟ ਤੋਂ ਪਹਿਲਾਂ ਉਨ੍ਹਾਂ ਦੀ ਥਾਂ ਪੀਅਰਸਨ ਲੈਣਗੇ ਜੋ 65 ਪਹਿਲਾ ਦਰਜਾ ਮੈਚ ਖੇਡ ਚੁੱਕੇ ਹਨ।