ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ 'ਚ ਵਿਕਟੋਰੀਆ ਦੇ ਮੰਤਰੀ ਡੈਨੀਅਲ ਐਂਡਿ੍ਊਜ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰ 'ਚ ਹੋਣ ਵਾਲੇ ਦੋ ਖੇਡ ਮੁਕਾਬਲਿਆਂ 'ਚ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਇਜਾਜ਼ਤ ਦੇਣ ਲਈ ਕ੍ਰਿਕਟ ਆਸਟ੍ਰੇਲੀਆ (ਸੀਏ) ਤੇ ਟੈਨਿਸ ਆਸਟ੍ਰੇਲੀਆ ਨਾਲ ਗੱਲ ਕਰ ਰਹੀ ਹੈ। ਇਨ੍ਹਾਂ ਖੇਡ ਮੁਕਾਬਲਿਆਂ 'ਚ ਭਾਰਤ ਖ਼ਿਲਾਫ਼ ਬਾਕਸਿੰਗ ਡੇ ਟੈਸਟ ਤੇ ਆਸਟ੍ਰੇਲੀਅਨ ਓਪਨ ਸ਼ਾਮਲ ਹੈ।

ਇਸ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਸਾਲਾਨਾ ਬਾਕਸਿੰਗ ਡੇ ਟੈਸਟ ਦੀ ਮੇਜ਼ਬਾਨੀ ਤੋਂ ਵਾਂਝਾ ਰਹਿ ਸਕਦਾ ਹੈ ਕਿਉਂਕਿ ਵਿਕਟੋਰੀਆ ਕੋਰੋਨਾ ਵਾਇਰਸ ਮਹਾਮਾਰੀ ਤੋਂ ਵੱਧ ਪ੍ਰਭਾਵਿਤ ਹੈ। ਜੁਲਾਈ ਤੋਂ ਲਾਕਡਾਊਨ ਦਾ ਸਾਹਮਣਾ ਕਰ ਰਹੇ ਵਿਕਟੋਰੀਆ 'ਚ ਦੇਸ਼ ਦੇ ਕੁੱਲ ਕੋਰੋਨਾ ਵਾਇਰਸ ਦੇ ਮਾਮਲਿਆਂ 'ਚੋਂ 75 ਫ਼ੀਸਦੀ ਸਾਹਮਣੇ ਆਏ ਹਨ, ਜਦੋਂਕਿ ਕੁੱਲ ਮੌਤਾਂ 'ਚੋਂ 90 ਫ਼ੀਸਦੀ ਇਸੇ ਸੂਬੇ 'ਚ ਹੋਈਆਂ ਹਨ। ਆਸਟ੍ਰੇਲੀਆ 'ਚ ਇਨਫੈਕਸ਼ਨ ਕਾਰਨ 26000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਐਂਡਿ੍ਊਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, 'ਸਾਨੂੰ ਦੇਖਣਾ ਹੋਵੇਗਾ ਕਿ ਦਰਸ਼ਕਾਂ ਦੀ ਸੁਰੱਖਿਅਤ ਗਿਣਤੀ ਕੀ ਹੋਵੇਗੀ। ਇਸ ਸਮੇਂ ਇਹ ਕਹਿਣਾ ਕਾਫੀ ਮੁਸ਼ਕਲ ਹੋਵੇਗਾ ਕਿ ਇਹ ਗਿਣਤੀ ਕੀ ਹੋਵੇਗੀ। ਇਸ ਬਾਰੇ ਅਜੇ ਫ਼ੈਸਲਾ ਕਰਨਾ ਸਾਡੇ ਲਈ ਜਲਦਬਾਜ਼ੀ ਹੋਵੇਗੀ। ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਟੇਡੀਅਮ 'ਚ ਦੇਖਣਾ ਚਾਹੁੰਦੇ ਹਾਂ ਬਸ਼ਰਤੇ ਇਹ ਸੁਰੱਖਿਅਤ ਹੋਵੇ।'

ਜਨਵਰੀ 'ਚ ਆਸਟ੍ਰੇਲੀਅਨ ਓਪਨ ਲਈ ਮੈਬਲਬੌਰਨ ਪਾਰਕ 'ਚ ਅੱਠ ਲੱਖ ਤੋਂ ਵੱਧ ਦਰਸ਼ਕ ਪਹੁੰਚ ਰਹੇ ਸਨ ਜਦੋਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਬਾਕਸਿੰਗ ਡੇ ਟੈਸਟ ਨੂੰ ਦੇਖਣ ਲਈ ਸਟੇਡੀਅਮ 'ਚ ਦੋ ਲੱਖ ਤੋਂ ਵੱਧ ਲੋਕ ਪਹੁੰਚੇ ਸਨ। ਮੈਲਬੌਰਨ ਦੀ ਮੇਜ਼ਬਾਨੀ ਬਾਰੇ ਅਜੇ ਕੁਝ ਪੱਕਾ ਨਹੀਂ ਹੋਇਆ ਹੈ ਤੇ ਅਜਿਹੇ 'ਚ ਐਡੀਲੇਡ ਨੂੰ ਭਾਰਤ ਖ਼ਿਲਾਫ਼ ਬਾਕਸਿੰਗ ਡੇ ਟੈਸਟ ਦੀ ਮੇਜ਼ਬਾਨੀ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਰੂਲਜ਼ ਫੁੱਟਬਾਲ ਦੇ ਫਾਈਨਲ ਨੂੰ ਵੀ ਪਹਿਲੀ ਵਾਰ ਮੈਲਬੌਰਨ ਦੇ ਬਾਹਰ ਕਰਵਾਇਆ ਜਾਵੇਗਾ। ਇਹ ਅਕਤੂਬਰ 'ਚ ਬਿ੍ਸਬੇਨ 'ਚ ਹੋਵੇਗਾ।