ਆਬੂਧਾਬੀ (ਏਜੰਸੀ) : ਏਐੱਫਸੀ ਏਸ਼ੀਅਨ ਕੱਪ 'ਚ ਭਾਰਤੀ ਟੀਮ ਨੇ ਥਾਈਲੈਂਡ ਨੂੰ ਹਰਾ ਕੇ ਜੇਕਰ ਵੱਡੀ ਉਪਲਬਧੀ ਹਾਸਲ ਕੀਤੀ ਹੈ ਤਾਂ ਯੂਏਈ ਨੂੰ ਹਰਾਉਣਾ ਉਸ ਤੋਂ ਵੱਡੀ ਉਪਲਬਧੀ ਹੋਵੇਗੀ। ਏਸ਼ੀਅਨ ਕੱਪ 'ਚ ਥਾਈਲੈਂਡ 'ਤੇ ਮਿਲੀ 4-1 ਦੀ ਜਿੱਤ ਨਾਲ ਉਤਸ਼ਾਹਿਤ ਭਾਰਤੀ ਫੁੱਟਬਾਲ ਟੀਮ ਵੀਰਵਾਰ ਨੂੰ ਮੇਜ਼ਬਾਨ ਯੂਏਈ ਖ਼ਿਲਾਫ਼ ਆਪਣੇ ਦੂਜੇ ਮੁਕਾਬਲੇ 'ਚ ਸ਼ੇਖ ਜਾਏਦ ਸਪੋਰਟਸ ਸਿਟੀ ਸਟੇਡੀਅਮ 'ਚ ਉਤਰੇਗੀ, ਜਿੱਥੇ ਉਸ ਨੂੰ ਜਿੱਤ ਦਰਜ ਕਰਨ ਲਈ ਆਪਣਾ ਸਰਬਸ਼੍ਰੇਸਠ ਪ੍ਰਦਰਸ਼ਨ ਕਰਨਾ ਹੋਵੇਗਾ।

ਭਾਰਤੀ ਟੀਮ ਦੇ ਕੋਚ ਸਟੀਫਨ ਕੋਂਸਟੇਂਟਾਈਨ ਇਸ ਗੱਲ ਨੂੰ ਲੈ ਕੇ ਖ਼ੁਸ਼ ਹੋਣਗੇ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਥਾਈਲੈਂਡ ਖ਼ਿਲਾਫ਼ ਦੂਜੇ ਹਾਫ 'ਚ ਬਿਹਤਰੀਨ ਖੇਡ ਵਿਖਾਇਆ। ਪਹਿਲਾ ਹਾਫ 1-1 ਦੀ ਬਰਾਬਰੀ 'ਤੇ ਖਤਮ ਹੋਣ ਮਗਰੋਂ ਭਾਰਤੀ ਟੀਮ ਨੇ ਨਾ ਸਿਰਫ ਥਾਈਲੈਂਡ ਦੇ ਹਮਲੇ ਨੂੰ ਰੋਕਣ 'ਚ ਸਫਲਤਾ ਹਾਸਲ ਕੀਤੀ, ਬਲਕਿ ਉਸ ਨੇ ਕਈ ਬਿਹਤਰੀਨ ਗੋਲ ਕਰਦੇ ਹੋਏ ਇਸ ਮੈਚ ਨੂੰ ਯਾਦਗਾਰ ਬਣਾ ਦਿੱਤਾ। ਇਸ ਮੈਚ 'ਚ ਜਿੱਤ ਨਾਲ ਭਾਰਤ ਨੂੰ ਤਿੰਨ ਅੰਕ ਹਾਸਲ ਹੋਏ ਤੇ ਉਹ ਹੁਣ ਗਰੁੱਪ-ਏ 'ਚ ਟਾਪ 'ਤੇ ਹਨ। ਉਸ ਦਾ ਗੋਲ ਫਰਕ ਵੀ ਚੰਗਾ ਹੈ। ਅਜਿਹੇ 'ਚ ਇਕ ਹੋਰ ਜਿੱਤ ਉਸ ਨੂੰ ਇਕ ਲੰਬੇ ਫਰਕ ਮਗਰੋਂ ਏਸ਼ੀਅਨ ਕੱਪ ਦੇ ਨਾਕਆਊਟ 'ਚ ਪਹੁੰਚਾ ਸਕਦੀ ਹੈ।

ਦੁਨੀਆ ਦੇ 97ਵੇਂ ਰੈਂਕ ਦੀ ਭਾਰਤੀ ਟੀਮ ਦੇ ਮਹਾਰਥੀ ਸਟਰਾਈਕਰ ਸੁਨੀਲ ਛੇਤਰੀ 'ਤੇ ਇਕ ਵਾਰ ਫਿਰ ਸਭ ਦੀਆਂ ਨਜ਼ਰਾਂ ਹੋਣਗੀਆਂ, ਜਿਨ੍ਹਾਂ ਪਿਛਲੇ ਮੁਕਾਬਲੇ 'ਚ ਦੋ ਗੋਲ ਕਰਕੇ ਸੁਰਖੀਆਂ ਇਕੱਠੀਆਂ ਕੀਤੀਆਂ ਸਨ। ਇਕ ਵਾਰ ਫਿਰ ਬਲਿਊ ਟਾਈਗਰਜ਼ ਨੂੰ ਉਨ੍ਹਾਂ ਤੋਂ ਢੇਰਾਂ ਉਮੀਦਾਂ ਹੋਣਗੀਆਂ। ਭਾਰਤ ਨੇ ਅਗਾਊਂ ਲਾਈਨ ਦੇ ਆਪਣੇ ਖਿਡਾਰੀਆਂ ਦੇ ਸ਼ਾਨਦਾਰ ਖੇਡ ਦੀ ਬਦੌਲਤ ਥਾਈਲੈਂਡ ਖ਼ਿਲਾਫ਼ ਜਿੱਤ ਹਾਸਿਲ ਕੀਤੀ, ਜਿੱਥੇ ਛੇਤਰੀ ਨੇ ਦੋ ਗੋਲ ਤੋਂ ਇਲਾਵਾ ਜੇਜੇ ਲਾਲਪੇਖੁਆ ਤੇ ਅਨਿਰੁੱਧ ਥਾਪਾ ਨੇ ਵੀ ਇਕ-ਇਕ ਗੋਲ ਕੀਤੇ। ਇਸ ਦੌਰਾਨ ਛੇਤਰੀ ਅਰਜੈਂਟੀਨਾ ਦੇ ਮਹਾਰਥੀ ਸਟਰਾਈਕਰ ਲਿਓਨ ਮੇਸੀ ਨੂੰ ਪਛਾੜ ਕੇ ਦੂਜੇ ਸਭ ਤੋਂ ਵੱਧ 67 ਗੋਲ ਕਰਨ ਵਾਲੇ ਸਰਗਰਮ ਕੌਮਾਂਤਰੀ ਫੁੱਟਬਾਲਰ ਬਣੇ ਸਨ। ਹਾਲ ਦੇ ਵਰਿ੍ਹਆਂ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਛੇਤਰੀ ਦੇ ਪ੍ਰਦਰਸ਼ਨ 'ਤੇ ਬਹੁਤ ਕੁਝ ਨਿਰਭਰ ਰਿਹਾ ਹੈ, ਪਰ ਇਸ 34 ਸਾਲਾ ਸਟਰਾਈਕਰ ਨੇ ਕਦੇ ਖ਼ੁਦ 'ਤੇ ਦਬਾਅ ਨਹੀਂ ਬਣਨ ਦਿੱਤਾ।

ਪਿਛਲੇ ਮੁਕਾਬਲੇ 'ਚ ਆਸ਼ਿਕ ਕੁਰੂਨਿਆਨ ਕੋਈ ਗੋਲ ਨਹੀਂ ਕਰ ਸਕੇ, ਪਰ ਉਨ੍ਹਾਂ ਆਪਣੇ ਜ਼ੋਰਦਾਰ ਖੇਡ ਨਾਲ ਸਾਰਿਆਂ ਦਾ ਧਿਆਨ ਖਿੱਚਿਆ। ਛੇਤਰੀ ਤੇ ਐੱਫਸੀ ਪੁਣੇ ਸਿਟੀ ਦੇ ਸਟਰਾਈਕਲ ਕੁਰੂਨਿਆਨ ਨੂੰ ਜਦੋਂ ਵੀ ਗੇਂਦ ਮਿਲੀ, ਉਨ੍ਹਾਂ ਗੋਲ ਪੋਸਟ ਦਾ ਰੁਖ ਕੀਤਾ ਤੇ ਥਾਈਲੈਂਡ ਦੀ ਰੱਖਿਆ ਲਾਈਨ ਨੂੰ ਹਮੇਸ਼ਾ ਰੁਝੇਵੇਂ 'ਚ ਰੱਖਿਆ। ਕੁਰੁਨਿਆਨ ਤੋਂ ਯੂਏਈ ਖ਼ਿਲਾਫ਼ ਵੀ ਇਸੇ ਤਰ੍ਹਾਂ ਦੇ ਚਮਕਦਾਰ ਖੇਡ ਦੀ ਉਮੀਦ ਹੈ। ਇਸ ਤੋਂ ਇਲਾਵਾ ਉਦਾਂਤਾ ਸਿੰਘ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਥਾਈਲੈਂਡ ਖ਼ਿਲਾਫ਼ ਮੁਕਾਬਲੇ 'ਚ ਉਦਾਂਤਾ ਨੇ ਛੇਤਰੀ ਵੱਲੋਂ ਕੀਤੇ ਗਏ ਦੂਜੇ ਗੋਲ ਦੇ ਮੌਕੇ ਨੂੰ ਤਿਆਰ ਕੀਤਾ ਸੀ। ਫੀਫਾ ਰੈਂਕਿੰਗ 'ਚ 79ਵੇਂ ਥਾਂ 'ਤੇ ਕਾਬਜ਼ ਯੂਏਈ ਗਰੁੱਪ-ਏ 'ਚ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ ਤੇ ਇਹ ਭਾਰਤ ਲਈ ਇਕ ਚੁਣੌਤੀ ਤੇ ਚਿੰਤਾ ਦੀ ਗੱਲ ਹੈ। ਯੂਏਈ ਨੇ ਆਪਣੇ ਪਹਿਲੇ ਮੁਕਾਬਲੇ 'ਚ ਬਹਿਰੀਨ ਨਾਲ 1-1 ਨਾਲ ਡਰਾਅ ਖੇਡਿਆ ਸੀ। ਅਜਿਹੇ 'ਚ ਖ਼ਿਤਾਬ ਦੇ ਮੁੱਖ ਦਾਅਵੇਦਾਰਾਂ 'ਚੋਂ ਇਕ ਯੂਏਈ ਇਸ ਮੁਕਾਬਲੇ 'ਚ ਤਿੰਨ ਅੰਕ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਏਗੀ। ਭਾਰਤ ਨੂੰ ਡਿਫੈਂਸ 'ਚ ਕਾਫੀ ਸਾਵਧਾਨ ਰਹਿਣਾ ਹੋਵੇਗਾ, ਕਿਉਂਕਿ 2015 'ਚ ਏਸ਼ੀਆ ਦੇ ਸਰਵਸ਼੍ਰੇਸ਼ਠ ਖਿਡਾਰੀ ਚੁਣੇ ਗਏ ਅਹਿਮਦ ਖਲੀਲ ਤੇ ਅਲੀ ਮਬਖਾਊਤ ਵਰਗੇ ਖਿਡਾਰੀ ਉਸ ਲਈ ਮੁਸ਼ਕਲ ਖੜ੍ਹੀ ਕਰ ਸਕਦੇ ਹਨ। ਮਬਖਾਊਤ ਨੂੰ ਯੂਏਈ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਨ ਲਈ ਸੱਤ ਗੋਲ ਦੀ ਜ਼ਰੂਰਤ ਹੈ। ਅਜਿਹੇ 'ਚ ਸੰਦੇਸ਼ ਝੀਂਗਨ ਤੇ ਅਨਸ ਈਦਾਥੋਦਿਕਾ ਨੂੰ ਬੈਕ ਲਾਈਨ 'ਚ ਕਾਫੀ ਹੈਰਾਨ ਕਰਨਾ ਹੋਵੇਗਾ। ਨਾਲ ਹੀ ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ ਕਾਫੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਭਾਰਤ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਯੂਏਈ ਫੁੱਟਬਾਲ ਸੰਘ ਨੇ ਸਟੇਡੀਅਮ ਨੂੰ ਦਰਸ਼ਕਾਂ ਨਾਲ ਭਰਮ ਲਈ ਇਕ ਨਵਾਂ ਤਰੀਕਾ ਅਪਣਾਇਆ ਹੈ। ਖ਼ਬਰ ਹੈ ਕਿ ਭਾਰਤ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਲਈ ਯੂਏਈ ਫੁੱਟਬਾਲ ਸੰਘ ਨੇ ਪੰਜ ਹਜ਼ਾਰ ਟਿਕਟਾਂ ਖ਼ਰੀਦੀਆਂ ਹਨ, ਜਿਨ੍ਹਾਂ ਨੂੰ ਉਹ ਸਿਰਫ ਸਥਾਨਕ ਦਰਸ਼ਕਾਂ 'ਚ ਮੁਫ਼ਤ ਵੰਡੇਗਾ ਤਾਂਕਿ ਉਸ ਦੀ ਟੀਮ ਨੂੰ ਮੈਦਾਨ 'ਤੇ ਜ਼ਿਆਦਾ ਤੋਂ ਜ਼ਿਆਦਾ ਸਮਰਥਨ ਮਿਲ ਸਕੇ।