ਲੰਡਨ (ਪੀਟੀਆਈ) : ਮਹਿਲਾ ਕ੍ਰਿਕਟ ਵਿਚ ਦਿੱਗਜ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਸ਼ਨਿਚਰਵਾਰ ਨੂੰ ਜਦ ਲਾਰਡਜ਼ ਵਿਚ ਆਪਣੇ ਕਰੀਅਰ ਦਾ ਆਖ਼ਰੀ ਮੈਚ ਖੇਡਣ ਉਤਰੇਗੀ ਤਾਂ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰ ਕੇ ਆਪਣੀ ਇਸ ਦਿੱਗਜ ਖਿਡਾਰਨ ਨੂੰ ਯਾਦਗਾਰ ਵਿਦਾਈ ਦੇਣ ਦੀ ਕੋਸ਼ਿਸ਼ ਕਰੇਗੀ। ਲਾਰਡਜ਼ ਵਿਚ ਕ੍ਰਿਕਟ ਖੇਡਣਾ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ। ਇਸ ਮੈਦਾਨ 'ਤੇ ਸੈਂਕੜਾ ਲਾਉਣਾ ਜਾਂ ਪੰਜ ਵਿਕਟਾਂ ਲੈਣਾ ਵੱਡੀ ਉਪਲੱਬਧੀ ਮੰਨੀ ਜਾਂਦੀ ਹੈ ਪਰ ਬਹੁਤ ਘੱਟ ਖਿਡਾਰੀਆਂ ਨੂੰ ਇਸ ਇਤਿਹਾਸਕ ਮੈਦਾਨ 'ਤੇ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਦਾ ਮੌਕਾ ਮਿਲਦਾ ਹੈ।

ਸੁਨੀਲ ਗਾਵਸਕਰ (ਹਾਲਾਂਕਿ ਉਨ੍ਹਾਂ ਨੇ ਆਪਣਾ ਆਖ਼ਰੀ ਪਹਿਲਾ ਦਰਜਾ ਮੈਚ ਇੱਥੇ ਖੇਡਿਆ ਸੀ) ਨੂੰ ਇਹ ਮੌਕਾ ਨਹੀਂ ਮਿਲਿਆ। ਸਚਿਨ ਤੇਂਦੁਲਕਰ ਹੋਵੇ ਜਾਂ ਬਰਾਇਨ ਲਾਰਾ ਜਾਂ ਫਿਰ ਗਲੇਨ ਮੈਕਗ੍ਰਾ ਕਿਸੇ ਨੂੰ ਵੀ ਲਾਰਡਜ਼ ਵਿਚ ਆਪਣਾ ਆਖ਼ਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਲਗਭਗ 20 ਸਾਲਾਂ ਤਕ ਝੂਲਨ ਦੀ ਸਾਥੀ ਰਹੀ ਮਿਤਾਲੀ ਰਾਜ ਨੂੰ ਵੀ ਕ੍ਰਿਕਟ ਮੈਦਾਨ 'ਤੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਿਆ ਪਰ ਕਿਸਮਤ ਦੇਖੋ ਕਿ ਗੋਸਵਾਮੀ ਆਪਣਾ ਆਖ਼ਰੀ ਮੈਚ ਇੱਥੇ ਖੇਡਣ ਜਾ ਰਹੀ ਹੈ। ਭਾਰਤ ਪਹਿਲਾਂ ਹੀ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕਾ ਹੈ ਪਰ ਹਰਮਨਪ੍ਰਰੀਤ ਕੌਰ ਤੇ ਉਨ੍ਹਾਂ ਦੀਆਂ ਟੀਮ ਮੈਂਬਰ ਕਲੀਨ ਸਵੀਪ ਕਰ ਕੇ ਝੂਲਨ ਨੂੰ ਯਾਦਗਾਰ ਵਿਦਾਈ ਦੇਣ ਵਿਚ ਕੋਈ ਕਸਰ ਨਹੀਂ ਛੱਡਣਗੀਆਂ।

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਮੈਚਾਂ ਵਿਚ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਉਹ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ। ਹਰਲੀਨ ਦਿਓਲ ਨੇ ਮੱਧਕ੍ਰਮ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ ਪਰ ਝੂਲਨ ਦੇ ਸੰਨਿਆਸ ਲੈਣ ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਮੇਘਨਾ ਸਿੰਘ, ਰੇਣੁਕਾ ਠਾਕੁਰ ਤੇ ਪੂਜਾ ਵਸਤ੍ਰਾਕਰ ਨੂੰ ਆਪਣੀ ਖੇਡ ਵਿਚ ਵੱਧ ਨਿਖਾਰ ਲਿਆਉਣਾ ਪਵੇਗਾ।

ਜਿੱਥੇ ਤਕ ਇੰਗਲੈਂਡ ਦਾ ਸਵਾਲ ਹੈ ਤਾਂ ਕਪਤਾਨ ਹੀਥਰ ਨਾਈਟ (ਸੱਟ ਕਾਰਨ), ਤੇ ਸਟਾਰ ਹਰਫ਼ਨਮੌਲਾ ਨਟ ਸਾਈਵਰ (ਮਾਨਸਿਕ ਸਿਹਤ ਦੇ ਕਾਰਨਾਂ ਨਾਲ) ਦੀ ਉਸ ਨੂੰ ਬਹੁਤ ਘਾਟ ਰੜਕ ਰਹੀ ਹੈ ਤੇ ਇਸ ਨਾਲ ਟੀਮ ਦਾ ਸੰਤੁਲਨ ਵੀ ਵਿਗੜ ਗਿਆ ਹੈ। ਭਾਰਤ ਨੇ ਪਿਛਲੀ ਵਾਰ ਇੰਗਲੈਂਡ ਵਿਚ ਵਨ ਡੇ ਸੀਰੀਜ਼ 1999 ਵਿਚ ਜਿੱਤੀ ਸੀ ਜਦਕਿ ਝੂਲਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਵੀ ਨਹੀਂ ਕੀਤੀ ਸੀ। ਹੁਣ ਉਹ ਆਪਣਾ 204ਵਾਂ ਤੇ ਆਖ਼ਰੀ ਮੈਚ ਖੇਡਣ ਲਈ ਤਿਆਰ ਹੈ। ਉਨ੍ਹਾਂ ਦੇ ਨਾਂ 'ਤੇ ਰਿਕਾਰਡ 353 ਅੰਤਰਰਾਸ਼ਟਰੀ ਵਿਕਟਾਂ ਦਰਜ ਹਨ। ਪੱਛਮੀ ਬੰਗਾਲ ਦੇ ਇਕ ਛੋਟੇ ਜਿਹੇ ਕਸਬੇ ਚਕਦਾ ਦੀ ਇਹ ਕ੍ਰਿਕਟਰ ਪਿਛਲੇ 20 ਸਾਲਾਂ ਤੋਂ ਭਾਰਤੀ ਹਮਲੇ ਦੀ ਅਗਵਾਈ ਕਰ ਰਹੀ ਹੈ। ਉਹ ਆਈਸੀਸੀ ਦੀ ਸਾਲ ਦੀ ਮਹਿਲਾ ਕ੍ਰਿਕਟਰ ਬਣ ਚੁੱਕੀ ਹੈ।

ਝੂਲਨ ਨੇ ਜਦ ਭਾਰਤ ਲਈ ਪਹਿਲਾ ਮੈਚ ਖੇਡਿਆ ਸੀ ਤਦ ਸ਼ੇਫਾਲੀ ਵਰਮਾ ਤੇ ਰਿਚਾ ਘੋਸ਼ ਦਾ ਜਨਮ ਵੀ ਨਹੀਂ ਹੋਇਆ ਸੀ ਤੇ ਜੇਮੀਮਾ ਰਾਡਰਿਗਜ਼ ਸੰਭਵ ਤੌਰ 'ਤੇ ਗੋਦ ਵਿਚ ਖੇਡ ਰਹੀ ਸੀ। ਤੇ ਹੁਣ ਉਹ ਜਦ ਸੰਨਿਆਸ ਲੈ ਰਹੀ ਹੈ ਤਦ ਹਰਮਨਪ੍ਰਰੀਤ ਉਨ੍ਹਾਂ ਦੀ ਕਪਤਾਨ ਤੇ ਸ਼ੇਫਾਲੀ, ਜੇਮੀਮਾ, ਰਿਚਾ ਤੇ ਯਾਸਤਿਕਾ ਭਾਟੀਆ ਟੀਮ ਸਾਥੀ ਹਨ। ਹੁਣ ਮਹਿਲਾਵਾਂ ਲਈ ਇੰਡੀਅਨ ਪ੍ਰਰੀਮੀਅਰ ਲੀਗ ਸ਼ੁਰੂ ਕਰਨ ਦੀ ਯੋਜਨਾ ਬਣ ਰਹੀ ਹੈ। ਮਹਿਲਾਵਾਂ ਕੋਲ ਕੇਂਦਰੀ ਕਰਾਰ ਹਨ ਤੇ ਉਨ੍ਹਾਂ ਨੂੰ ਵਾਜਬ ਰਕਮ ਮਿਲਦੀ ਹੈ ਪਰ ਜਦ ਝੂਲਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਦ ਉਨ੍ਹਾਂ ਨੂੰ ਕਾਫੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਆਪਣੀ ਖੇਡ ਵਿਚ ਲਗਾਤਾਰ ਸੁਧਾਰ ਕਰ ਕੇ ਮਹਿਲਾ ਕ੍ਰਿਕਟ ਦੇ ਸਿਖਰ 'ਤੇ ਪੁੱਜੀ। ਇਹ ਤੈਅ ਹੈ ਕਿ ਭਾਰਤੀ ਟੀਮ ਅਜਿਹੀ ਖਿਡਾਰਨ ਨੂੰ ਯਾਦਗਾਰ ਵਿਦਾਈ ਦੇਣ ਲਈ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕਰਨ ਵਿਚ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਿਢੱਲ ਨਹੀਂ ਵਰਤੇਗੀ।

ਭਾਰਤ : ਹਰਮਨਪ੍ਰਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਸ਼ੇਫਾਲੀ ਵਰਮਾ, ਸਬਿਨੇਨੀ ਮੇਘਨਾ, ਦੀਪਤੀ ਸ਼ਰਮਾ, ਯਾਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤ੍ਰਾਕਰ, ਸਨੇਹ ਰਾਣਾ, ਰੇਣੁਕਾ ਠਾਕੁਰ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਹਰਲੀਨ ਦਿਓਲ, ਦਿਆਲਨ ਹੇਮਲਤਾ, ਸਿਮਰਨ ਦਿਲ ਬਹਾਦੁਰ, ਝੂਲਨ ਗੋਸਵਾਮੀ, ਤਾਨੀਆ ਭਾਟੀਆ ਤੇ ਜੇਮੀਮਾ ਰਾਡਰਿਗਜ਼।

ਇੰਗਲੈਂਡ : ਏਮੀ ਜੋਂਸ (ਕਪਤਾਨ ਤੇ ਵਿਕਟਕੀਪਰ), ਟੈਮੀ ਬਿਊਮੋਂਟ, ਲਾਰੇਨ ਬੇਲ, ਮਾਈਆ ਬਾਊਚੀਅਰ, ਏਲਿਸ ਕੈਪਸੀ, ਕੇਟ ਕ੍ਰਾਸ, ਫਰੇਆ ਡੇਵਿਸ, ਏਲਿਸ ਡੇਵਿਡਸਨ-ਰਿਡਰਜ਼, ਚਾਰਲੀ ਡੀਨ, ਸੋਫੀਆ ਡੰਕਲੇ, ਸੋਫੀ ਏਕਲੇਸਟੋਨ, ਫ੍ਰੇਆ ਕੈਂਪ, ਇੱਸੀ ਵੋਂਗ ਤੇ ਡੈਨੀ ਵਾਇਟ।

--------

Posted By: Gurinder Singh