ਅਹਿਮਦਾਬਾਦ : ਭਾਰਤ 'ਚ ਸਪਿਨਰਾਂ ਦੀ ਮਦਦਗਾਰ ਪਿੱਚਾਂ ਬਾਰੇ ਚਰਚਾ ਨੂੰ ਦਰਕਿਨਾਰ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਕਿਹਾ ਕਿ ਟੈਸਟ ਖਿਡਾਰੀਆਂ ਨੂੰ ਹਰ ਤਰ੍ਹਾਂ ਦੇ ਹਾਲਾਤ 'ਚ ਖੇਡਣ ਦਾ ਆਦੀ ਹੋਣਾ ਚਾਹੀਦਾ ਹੈ। ਮੋਟੇਰਾ 'ਚ ਨਵੇਂ ਸਿਰੇ ਤੋਂ ਤਿਆਰ ਕੀਤੇ ਗਏ ਮੈਦਾਨ ਦੀ ਪਿੱਚ ਕਿਵੇਂ ਵਤੀਰਾ ਕਰੇਗੀ, ਇਹ ਸਟੋਕਸ ਨੂੰ ਪਤਾ ਨਹੀਂ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉੱਚ ਪੱਧਰ ਦੇ ਕ੍ਰਿਕਟਰਾਂ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਟੋਕਸ ਨੇ ਇਕ ਅਖ਼ਬਾਰ ਦੇ ਕਾਲਮ 'ਚ ਲਿਖਿਆ, 'ਇਕ ਟੈਸਟ ਬੱਲੇਬਾਜ਼ ਹੋਣ ਦਾ ਮਤਲਬ ਹੈ ਕਿ ਤੁਹਾਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ 'ਚ ਸਮਰਥ ਹੋਣਾ ਚਹੀਦਾ ਹੈ। ਭਾਰਤ ਅਜਿਹੀ ਜਗ੍ਹਾ ਹੈ ਜਿੱਥੇ ਵਿਦੇਸ਼ੀ ਬੱਲੇਬਾਜ਼ਾਂ ਲਈ ਸਫ਼ਲਤਾ ਹਾਸਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਇੰਗਲੈਂਡ 'ਚ ਵੀ ਅਜਿਹਾ ਹੁੰਦਾ ਹੈ ਤੇ ਇਹ ਚੁਣੌਤੀ ਖੇਡ ਦਾ ਹਿੱਸਾ ਹੈ ਤੇ ਇਸ ਲਈ ਅਸੀਂ ਇਸ ਨੂੰ ਪਸੰਦ ਕਰਦੇ ਹਾਂ।'

ਭਾਰਤ 'ਚ ਟਰਨਿੰਗ ਵਿਕਟ ਮੌਜੂਦਾ ਸੀਰੀਜ਼ ਦੌਰਾਨ ਚਰਚਾ ਦਾ ਵਿਸ਼ਾ ਬਣ ਗਏ ਹਨ ਤੇ ਮਾਈਕਲ ਵਾਨ ਵਰਗੇ ਇੰਗਲੈਂਡ ਦੇ ਸਾਬਕਾ ਖਿਡਾਰੀਆਂ ਨੇ ਸਵਾਲ ਕੀਤੇ ਹਨ ਕਿ ਕੀ ਇਸ ਤਰ੍ਹਾਂ ਦੇ ਵਿਕਟ ਟੈਸਟ ਕ੍ਰਿਕਟ ਲਈ ਆਦਰਸ਼ਨ ਹਨ।

ਭਾਰਤ ਨੇ ਚੇਨਈ 'ਚ ਦੂਸਰਾ ਟੈਸਟ 317 ਦੌੜਾਂ ਨਾਲ ਜਿੱਤ ਕੇ ਚਾਰ ਮੈਚਾਂ ਦੀ ਸੀਰੀਜ਼ ਬਰਾਬਰ ਕੀਤੀ। ਸਟੋਕਸ ਨੇ ਉਸ ਮੈਚ 'ਚ ਸਿਰਫ ਦੋ ਓਵਰ ਕੀਤਾ, ਜੋ ਚਰਚਾ ਦਾ ਹਿੱਸਾ ਹਨ। ਸਟੋਕਸ ਨੇ ਇਸ ਬਾਰੇ ਕਿਹਾ, 'ਇਸ ਤੱਥ 'ਤੇ ਬਹੁਤ ਜ਼ਿਆਦਾ ਗੌਰ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਦੂਸਰੇ ਮੈਚ 'ਚ ਜ਼ਿਆਦਾ ਓਵਰ ਨਹੀਂ ਕੀਤੇ। ਜੇ ਇਹ ਘਾਹ ਵਾਲੀ ਪਿੱਚ ਹੁੰਦੀ ਤਾਂ ਪੱਕੇ ਤੌਰ 'ਤੇ ਮੈਂ ਜ਼ਿਆਦਾ ਓਵਰ ਕਰਦਾ। ਮੈਨੂੰ ਲੱਗਦਾ ਹੈ ਕਿ ਦੁਧੀਆ ਰੋਸ਼ਨੀ 'ਚ ਖੇਡੇ ਜਾਣ ਵਾਲੇ ਅਗਲੇ ਮੈਚ 'ਚ ਗੇਂਦਬਾਜ਼ੀ ਕਰਨ ਲਈ ਮੇਰੇ ਕੋਲ ਕਈ ਹੋਰ ਕਾਰਨ ਹੋ ਸਕਦੇ ਹਨ।'

ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਸੀਰੀਜ਼ 'ਚ ਕਾਫੀ ਕੁਝ ਦਾਅ 'ਤੇ ਲੱਗਾ ਹੈ। ਇਨ੍ਹਾਂ ਦੋਵਾਂ ਟੀਮਾਂ ਕੋਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। ਭਾਰਤ ਨੂੰ ਇਸ ਲਈ ਜਿੱਥੇ ਇਕ ਜਿੱਤਾ ਤੇ ਇਕ ਡਰਾਅ ਦੀ ਜ਼ਰੂਰਤ ਹੈ, ਉੱਥੇ ਇੰਗਲੈਂਡ ਨੂੰ ਦੋਵੇਂ ਮੈਚ ਜਿੱਤਣੇ ਪੈਣਗੇ। ਸਟੋਕਸ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਬਾਰੇ ਥੋੜਾ ਵੀ ਪਤਾ ਨਹੀਂ ਹੈ ਕਿ ਮੋਟੇਰਾ ਦੀ ਪਿੱਚ ਦਾ ਵਤੀਰਾ ਕਿਹੋ ਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਦੁਨੀਆ ਭਰ 'ਚ ਗੁਲਾਬੀ ਗੇਂਦ ਨਾਲ ਖੇਡੇ ਜਾਣ ਵਾਲੇ ਮੈਚਾਂ ਵਿਚਾਲੇ ਅਜਿਹਾ ਦੌਰ ਆਉਂਦਾ ਹੈ ਜਦੋਂਕਿ ਦੁਧੀਆ ਰੋਸ਼ਨੀ 'ਚ ਗੇਂਦ ਨਾਲ ਮਦਦ ਮਿਲਦੀ ਹੈ ਤੇ ਉਦੋਂ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਸਾਡੇ ਲਈ ਇਹ ਬਹੁਤ ਅਹਿਮ ਸਮਾਂ ਹੋਵੇਗਾ। ਇਹ ਨਵਾਂ ਮੈਦਾਨ ਹੈ ਤੇ ਕਾਫੀ ਚੰਗਾ ਦਿਖਾਈ ਦੇ ਰਿਹਾ ਹੈ ਪਰ ਕੋਈ ਨਹੀਂ ਜਾਣਦਾ ਕਿ ਇਸ ਦੀ ਪਿੱਚ ਕਿਹੋ ਜਿਹਾ ਵਤੀਰਾ ਕਰੇਗੀ। ਸਾਡੇ ਕੋਲ ਫਿਰਕੀ ਗੇਂਦਬਾਜ਼ਾਂ ਦਾ ਚੰਗਾ ਵਿਭਾਗ ਹੈ ਪਰ ਉਮੀਦ ਹੈ ਕਿ ਹਾਲਾਤ ਅਜਿਹੇ ਹੋਣਗੇ ਕਿ ਤੇਜ਼ ਗੇਂਦਬਾਜ਼ਾਂ ਤੋਂ ਉਨ੍ਹਾਂ ਨੂੰ ਮਦਦ ਮਿਲੇਗੀ।

Posted By: Susheel Khanna