ਮੈਲਬੌਰਨ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਸਤੰਬਰ ਵਿਚ ਆਸਟ੍ਰੇਲੀਆ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗੀ। ਇਕ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੀ ਟੀਮ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼, ਇੰਗਲੈਂਡ ਤੇ ਭਾਰਤ ਖ਼ਿਲਾਫ਼ ਤਿੰਨ-ਤਿੰਨ ਟੀ-20 ਮੈਚ ਖੇਡੇਗੀ। ਇਹ ਸੀਰੀਜ਼ ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਹੋਵੇਗੀ।

ਅਗਲੇ ਸਾਲ ਆਸਟ੍ਰੇਲੀਆ ਨੂੰ ਚਾਰ ਟੈਸਟ ਮੈਚਾਂ ਲਈ ਫਰਵਰੀ-ਮਾਰਚ ਵਿਚ ਭਾਰਤ ਦਾ ਦੌਰਾ ਕਰਨਾ ਹੈ। ਭਾਰਤੀ ਟੀਮ ਨੇ ਨੌਂ ਤੋਂ 19 ਜੂਨ ਤਕ ਘਰ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਦੋ ਟੀ-20 ਮੈਚਾਂ ਲਈ ਭਾਰਤੀ ਟੀਮ ਆਇਰਲੈਂਡ ਦਾ ਦੌਰਾ ਕਰੇਗੀ।

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਇਕ ਜੁਲਾਈ ਤੋਂ ਇੰਗਲੈਂਡ ਖ਼ਿਲਾਫ਼ ਪੰਜਵਾਂ ਤੇ ਆਖ਼ਰੀ ਟੈਸਟ ਖੇਡੇਗੀ ਜੋ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਟੀ-20 ਤੇ ਵਨ ਡੇ ਸੀਰੀਜ਼ ਵੀ ਖੇਡਣੀ ਹੈ।