ਲੰਡਨ (ਪੀਟੀਆਈ) : ਸੱਟ ਤੋਂ ਬਾਅਦ ਠੀਕ ਹੋ ਚੁੱਕੇ ਤਜਰਬੇਕਾਰ ਹਰਫ਼ਨਮੌਲਾ ਬੇਨ ਸਟੋਕਸ ਦੀ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਲਈ ਐਲਾਨੀ 17 ਮੈਂਬਰੀ ਟੀਮ ਵਿਚ ਵਾਪਸੀ ਹੋਈ ਹੈ ਜਿਸ ਵਿਚ ਨਸਲੀ ਟਵੀਟ ਨੂੰ ਲੈ ਕੇ ਮੁਅੱਤਲ ਹੋਏ ਤੇਜ਼ ਗੇਂਦਬਾਜ਼ ਓਲੀ ਰਾਬਿਨਸਨ ਨੂੰ ਵੀ ਥਾਂ ਦਿੱਤੀ ਗਈ ਹੈ। ਭਾਰਤ ਖ਼ਿਲਾਫ਼ ਹੀ 2016 ਵਿਚ ਆਪਣਾ ਪਿਛਲਾ ਟੈਸਟ ਖੇਡਣ ਵਾਲੇ ਸਲਾਮੀ ਬੱਲੇਬਾਜ਼ ਹਸੀਬ ਹਮੀਦ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਕੂਹਣੀ ਦੀ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਜੋਫਰਾ ਆਰਚਰ ਤੇ ਅੱਡੀ ਦੀ ਸੱਟ ਨਾਲ ਪੀੜਤ ਕ੍ਰਿਸ ਵੋਕਸ ਅਜੇ ਮੈਚ ਲਈ ਫਿੱਟ ਨਹੀਂ ਹਨ। ਤਜਰਬੇਕਾਰ ਜੇਮਜ਼ ਐਂਡਰਸਨ ਤੇ ਸਟੂਅਰਟ ਬ੍ਰਾਡ ਤੋਂ ਇਲਾਵਾ ਟੀਮ ਵਿਚ ਮਾਰਕ ਵੁਡ ਤੇ ਸੈਮ ਕੁਰਨ ਹੋਰ ਤੇਜ਼ ਗੇਂਦਬਾਜ਼ ਹਨ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਵਿਚ ਸ਼ੁਰੂਆਤ ਕਰਨ ਵਾਲੇ ਰਾਬਿਨਸਨ ਦੇ ਸੱਤ ਸਾਲ ਪੁਰਾਣੇ ਨਸਲੀ ਟਵੀਟ ਦੇ ਸਾਹਮਣੇ ਆਉਣ ਤੋਂ ਬਾਅਦ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਉਨ੍ਹਾਂ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਮੁਅੱਤਲ ਕਰ ਦਿੱਤਾ ਸੀ। ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਜਾਨੀ ਬੇਰਸਟੋ ਤੇ ਜੋਸ ਬਟਲਰ ਦੀ ਵੀ ਜੋ ਰੂਟ ਦੀ ਅਗਵਾਈ ਵਾਲੀ ਟੀਮ ਵਿਚ ਵਾਪਸੀ ਹੋਈ ਹੈ। ਇਨ੍ਹਾਂ ਦੋਵਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਵਿਚ ਆਰਾਮ ਦਿੱਤਾ ਗਿਆ ਸੀ। ਟੀਮ ਦੀ ਬੱਲੇਬਾਜ਼ੀ ਵਿਚ ਰੋਰੀ ਬਰਨਜ਼, ਓਲੀ ਪੋਪ, ਜੈਕ ਕ੍ਰਾਉਲੇ, ਡਾਮ ਸਿਬਲੇ ਤੇ ਡੈਨ ਲਾਰੇਂਸ ਵੀ ਹਨ। ਟੀਮ ਵਿਚ ਹਮੀਦ ਦਾ ਨਾਂ ਥੋੜ੍ਹਾ ਹੈਰਾਨ ਕਰਨ ਵਾਲਾ ਹੈ। ਲੰਕਾਸ਼ਾਇਰ ਦਾ ਇਹ 24 ਸਾਲ ਦਾ ਸਲਾਮੀ ਬੱਲੇਬਾਜ਼ ਫ਼ਿਲਹਾਲ ਡਰਹਮ ਵਿਚ ਭਾਰਤ ਖ਼ਿਲਾਫ਼ ਖੇਡੇ ਜਾ ਰਹੇ ਅਭਿਆਸ ਮੈਚ 'ਚ ਕਾਊਂਟੀ ਇਲੈਵਨ ਟੀਮ ਦਾ ਹਿੱਸਾ ਹੈ।

ਇੰਗਲੈਂਡ ਦੀ ਟੀਮ :

ਜੋ ਰੂਟ (ਕਪਤਾਨ), ਜੇਮਜ਼ ਐਂਡਰਸਨ, ਬੇਨ ਸਟੋਕਸ, ਜਾਨੀ ਬੇਰਸਟੋ, ਡਾਮ ਬੇਸ, ਸਟੂਅਰਟ ਬਰਾਡ, ਰੋਰੀ ਬਰਨਜ਼, ਜੋਸ ਬਟਲਰ, ਜੈਕ ਕ੍ਰਾਉਲੇ, ਸੈਮ ਕੁਰਨ, ਹਸੀਬ ਹਮੀਦ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਓਲੀ ਰਾਬਿਨਸਨ, ਡੋਮ ਸਿਬਲੇ, ਮਾਰਕ ਵੁਡ।