ਨਵੀਂ ਦਿੱਲੀ, ਆਨਲਾਈਨ ਡੈਸਕ : India vs Sri Lanka T20I Series: ਭਾਰਤੀ ਕ੍ਰਿਕਟ ਟੀਮ ਅੱਜ ਭਾਵ 25 ਜੁਲਾਈ ਦੀ ਰਾਤ 8 ਵਜੇ ਤੋਂ ਆਈਸੀਸੀ ਟੀ20 ਵਰਲਡ ਕੱਪ ਤੋਂ ਪਹਿਲਾਂ ਆਪਣੀ ਆਖਰੀ ਸੀਰੀਜ਼ ਖੇਡਣ ਉਤਰੇਗੀ। ਮੇਜ਼ਬਾਨ ਸ੍ਰੀਲੰਕਾ ਦੀ ਟੀਮ ਨਾਲ ਭਾਰਤੀ ਟੀਮ ਨੇ ਦੋ-ਦੋ ਹੱਥ ਕਰਨੇ ਹਨ। ਇਹ ਸੀਰੀਜ਼ ਟੀਮ ਇੰਡੀਆ ਦੇ ਕਪਤਾਨ ਸ਼ਿਖਰ ਧਵਨ 'ਤੇ ਇਕ ਵੱਡੀ ਜ਼ਿੰਮੇਵਾਰੀ ਦੀ ਤਰ੍ਹਾਂ ਹੈ ਕਿਉਂਕਿ ਭਾਰਤੀ ਟੀਮ ਕਦੀ ਵੀ ਸ੍ਰੀ ਲੰਕਾ ਖ਼ਿਲਾਫ਼ ਟੀ20 ਸੀਰੀਜ਼ ਨਹੀਂ ਹਾਰੀ ਹੈ।

ਬੇਸ਼ੱਕ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਵਨਡੇ ਇੰਟਰਨੈਸ਼ਨਲ ਸੀਰੀਜ਼ 'ਚ 2-1 ਨਾਲ ਜਿੱਤ ਹਾਸਲ ਕਰ ਲਈ ਹੈ ਪਰ ਭਾਰਤੀ ਖਿਡਾਰੀਆਂ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਸੀਰੀਜ਼ ਦਾ ਆਖਰੀ ਮੈਚ ਮੇਜ਼ਬਾਨ ਸ੍ਰੀਲੰਕਾ ਨੇ ਸ਼ਾਨਦਾਰ ਅੰਦਾਜ਼ ਨਾਲ ਜਿੱਤਿਆ ਹੈ। ਅਜਿਹੇ 'ਚ ਕਪਤਾਨ ਸਿਖਰ ਧਵਨ 'ਤੇ ਦੋਹਰੀ ਜ਼ਿੰਮੇਵਾਰੀ ਹੋਵੇਗੀ। ਇਕ ਜ਼ਿੰਮੇਵਾਰੀ ਤਾਂ ਇਹ ਹੈ ਕਿ ਇੰਡੀਆ ਦੀ ਵਾਪਸੀ ਕਰਵਾਉਣੀ ਹੈ ਤੇ ਦੂਜੀ ਜ਼ਿੰਮੇਵਾਰੀ ਇਹ ਕਿ ਭਾਰਤੀ ਟੀਮ ਦਾ ਜਿੱਤ ਦਾ ਸਿਲਸਿਲਾ ਬਰਕਰਾਰ ਰਹਿਣਾ ਚਾਹੀਦਾ ਹੈ।

ਭਾਰਤੀ ਕ੍ਰਿਕਟ ਟੀਮ ਨੂੰ ਟੀ20 ਵਰਲਡ ਕੱਪ 2021 ਤੋਂ ਪਹਿਲਾਂ ਸਿਰਫ ਤਿੰਨ ਸੀਮਤ ਓਵਰਾਂ ਦੇ ਮੈਚ ਖੇਡਣੇ ਹਨ ਜੋ ਸ੍ਰੀਲੰਕਾ ਖ਼ਿਲਾਫ਼ ਇਸ ਸੀਰੀਜ਼ 'ਚ ਹੋਣੇ ਹਨ। ਅਜਿਹੇ 'ਚ ਕਪਤਾਨ ਸਿਖਰ ਧਵਨ ਦੇ ਨਾਲ-ਨਾਲ ਬਾਕੀ ਖਿਡਾਰੀਆਂ 'ਤੇ ਵੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਨੂੰ ਟੀ20 ਵਰਲਡ ਕਪ ਦੀ ਟੀਮ 'ਚ ਆਪਣਾ ਸਥਾਨ ਪੱਕਾ ਕਰਨ ਲਈ ਚੰਗਾ ਪ੍ਰਦਰਸ਼ਨ ਕਰਨਾ ਹੈ। ਹਾਲਾਂਕਿ ਟੀਮ ਲਗਪਗ ਤੈਅ ਹੈ ਪਰ ਹਾਲੇ ਵੀ ਕੁਝ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ।

Posted By: Ravneet Kaur