ਆਬੂ ਧਾਬੀ : ਵੱਡੇ ਟੂਰਨਾਮੈਂਟਾਂ 'ਚ ਕਈ ਵਾਰ ਵੱਡੀਆਂ ਟੀਮਾਂ ਖ਼ਿਲਾਫ਼ ਉਲਟਫੇਰ ਕਰ ਚੁੱਕੀ ਆਇਰਲੈਂਡ ਦੀ ਟੀਮ ਦੇ ਸਾਹਮਣੇ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਗੇੜ ਵਿਚ ਸੋਮਵਾਰ ਨੂੰ ਨੀਦਰਲੈਂਡ ਦੀ ਚੁਣੌਤੀ ਹੋਵੇਗੀ। ਗਰੁੱਪ-ਏ ਦਾ ਇਹ ਮੁਕਾਬਲਾ ਕਾਫੀ ਅਹਿਮ ਹੋਵੇਗਾ ਕਿਉਂਕਿ ਦੋਵੇਂ ਟੀਮਾਂ ਸੁਪਰ-12 ਗੇੜ ਵਿਚ ਥਾਂ ਬਣਾਉਣ ਦੀਆਂ ਹੱਕਦਾਰ ਹਨ। ਖੇਡ ਦੇ ਸਭ ਤੋਂ ਛੋਟੇ ਅੰਤਰਰਾਸ਼ਟਰੀ ਫਾਰਮੈਟ ਵਿਚ ਹਾਲਾਂਕਿ ਅੰਕੜੇ ਨੀਦਰਲੈਂਡ ਦੇ ਪੱਖ ਵਿਚ ਹਨ ਜਿਸ ਨੇ ਆਇਰਲੈਂਡ ਖ਼ਿਲਾਫ਼ 12 ਟੀ-20 ਮੈਚਾਂ ਵਿਚੋਂ ਸੱਤ ਵਿਚ ਜਿੱਤ ਹਾਸਲ ਕੀਤੀ ਹੈ।

ਸ੍ਰੀਲੰਕਾ ਦਾ ਨਾਮੀਬੀਆ ਨਾਲ ਹੋਵੇਗਾ ਮੁਕਾਬਲਾ

ਤਬਦੀਲੀ ਦੇ ਦੌਰ 'ਚੋਂ ਲੰਘ ਰਹੀ ਸਾਬਕਾ ਚੈਂਪੀਅਨ ਸ੍ਰੀਲੰਕਾ ਦੀ ਟੀਮ ਸੋਮਵਾਰ ਨੂੰ ਇੱਥੇ ਕੁਆਲੀਫਾਇਰ ਵਿਚ ਨਾਮੀਬੀਆ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਸ੍ਰੀਲੰਕਾ ਨੇ 2014 ਵਿਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਪਰ ਇਸ ਤੋਂ ਬਾਅਦ ਅਗਲੇ ਸਾਲ ਉਸ ਦੇ ਸਿਖਰਲੇ ਖਿਡਾਰੀਆਂ ਨੇ ਸੰਨਿਆਸ ਲੈਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਬਦਲਵੇਂ ਖਿਡਾਰੀ ਕੁਮਾਰ ਕੰਗਾਕਾਰਾ, ਮਹੇਲਾ ਜੈਵਰਧਨੇ, ਤਿਲਕਰਤਨੇ ਦਿਲਸ਼ਾਨ, ਰੰਗਨਾ ਹੇਰਾਥ ਤੇ ਲਸਿਥ ਮਲਿੰਗਾ ਦੀ ਥਾਂ ਭਰਨ ਵਿਚ ਨਾਕਾਮ ਰਹੇ।