ਜੋਹਾਨਸਬਰਗ (ਪੀਟੀਆਈ) : ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਕ੍ਰਿਸ ਮੌਰਿਸ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਹਰ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹ ਘਰੇਲੂ ਟੀਮ ਟਾਈਟਨਜ਼ ਦੇ ਕੋਚ ਦਾ ਅਹੁਦਾ ਸੰਭਾਲਣ ਜਾ ਰਹੇ ਹਨ। 34 ਸਾਲ ਦੇ ਮੌਰਿਸ ਨੇ ਇੰਟਰਨੈੱਟ ਮੀਡੀਆ 'ਤੇ ਇਹ ਐਲਾਨ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਮੈਂ ਮੰਗਲਵਾਰ ਨੂੰ ਕ੍ਰਿਕਟ ਦੇ ਹਰ ਫਾਰਮੈਟ ਤੋਂ ਸੰਨਿਆਸ ਲੈ ਰਿਹਾ ਹਾਂ। ਮੇਰੇ ਛੋਟੇ ਜਾਂ ਵੱਡੇ ਸਫ਼ਰ ਵਿਚ ਸਾਥੀ ਰਹੇ ਸਾਰੇ ਲੋਕਾਂ ਦਾ ਧੰਨਵਾਦ। ਇਹ ਰੋਮਾਂਚਕ ਸਫ਼ਰ ਸੀ। ਹੁਣ ਟਾਈਟਨਜ਼ ਦਾ ਕੋਚ ਬਣਨ ਜਾ ਰਿਹਾ ਹਾਂ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਹਮਲਾਵਰ ਬੱਲੇਬਾਜ਼ ਮੌਰਿਸ ਨੇ 2016 ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ ਤੇ ਚਾਰ ਹੀ ਮੈਚ ਖੇਡ ਕੇ 173 ਦੌੜਾਂ ਬਣਾਈਆਂ ਤੇ 12 ਵਿਕਟਾਂ ਲਈਆਂ। ਉਨ੍ਹਾਂ ਨੇ 42 ਵਨ ਡੇ ਵਿਚ 48 ਤੇ 23 ਟੀ-20 ਵਿਚ 34 ਵਿਕਟਾਂ ਵਿਕਟਾਂ ਲੈਣ ਨਾਲ ਕ੍ਰਮਵਾਰ 467 ਤੇ 133 ਦੌੜਾਂ ਬਣਾਈਆਂ। ਆਈਪੀਐੱਲ ਵਿਚ ਉਹ ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼, ਰਾਇਲ ਚੈਲੰਜਰਜ਼ ਬੈਂਗੁਲੂਰ ਤੇ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਹਨ।