ਨਵੀਂ ਦਿੱਲੀ, ਸਪੋਰਟਸ ਡੈਸਕ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖਾਨ ਦੀ 4 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਹੋਈ ਹੈ। 25 ਜਨਵਰੀ ਨੂੰ ਉਨ੍ਹਾਂ ਦੀ ਫਿਲਮ ਪਠਾਣ ਦੇਸ਼ ਭਰ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਪਠਾਣ ਨੇ ਸਿਰਫ਼ ਪ੍ਰਸ਼ੰਸਕਾਂ ਨੂੰ ਹੀ ਨਹੀਂ ਸਗੋਂ ਭਾਰਤੀ ਕਿ੍ਰਕਟ ਟੀਮ ਦੇ ਖਿਡਾਰੀਆਂ ’ਤੇ ਵੀ ਫਿਲਮ ਦਾ ਜਾਦੂ ਚੜ੍ਹ ਗਿਆ ਹੈ।ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਅਤੇ ਫੈਸਲਾਕੁਨ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਈ ਖਿਡਾਰੀ ਫਿਲਮ ਪਠਾਣ ਦਾ ਲੁਤਫ਼ ਲੈਣ ਲਈ ਥੀਏਟਰ ਪਹੁੰਚੇ।

ਫੈਸਲਾਕੁਨ ਮੈਚ ਤੋਂ ਪਹਿਲਾਂ ਫਿਲਮ ਦੇਖਣ ਪਹੁੰਚੇ ਭਾਰਤੀ ਖਿਡਾਰੀ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਸਿਨੇਮਾਘਰ ਪਹੁੰਚੇ ਅਤੇ ਸਾਰਿਆਂ ਨੇ ਪਠਾਣ ਫਿਲਮ ਦੇਖੀ। ਇਸ ਨਾਲ ਜੁੜੀ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਕੁਲਦੀਪ ਯਾਦਵ, ਸ਼ੁਭਮਨ ਗਿੱਲ, ਰਾਹੁਲ ਤਿ੍ਰਪਾਠੀ, ਈਸ਼ਾਨ ਕਿਸਨ, ਸ਼ਿਵਮ ਮਾਵੀ, ਯੁਜਵੇਂਦਰ ਚਾਹਲ ਅਤੇ ਸੂਰਿਆਕੁਮਾਰ ਯਾਦਵ ਫਿਲਮ ਦੇਖਣ ਲਈ ਸਿਨੇਮਾਘਰ ਪਹੁੰਚੇ ਸਨ।

ਦਰਅਸਲ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਫਿਲਮ ਪਠਾਣ ਦੇਸ਼ ਭਰ ’ਚ ਵਿਵਾਦਾਂ ਵਿਚਾਲੇ ਰਿਲੀਜ਼ ਹੋਈ ਹੈ। ਫਿਲਮ ਦੇ ਗੀਤ ‘ਬੇਸ਼ਰਮ ਰੰਗ’ ਦੇ ਰਿਲੀਜ਼ ਹੋਣ ਤੋਂ ਬਾਅਦ ਦੀਪਿਕਾ ਦੁਆਰਾ ਪਹਿਨੀ ਗਈ ਬਿਕਨੀ ਦੇ ਰੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮ ਦਾ ਵਿਰੋਧ ਹੋਇਆ ਸੀ ਅਤੇ ਬਾਈਕਾਟ ਦੀ ਮੰਗ ਵੀ ਉੱਠੀ ਸੀ ਪਰ ਇਸ ਸਮੇਂ ਪਠਾਣ ਫਿਲਮ ਦਾ ਕ੍ਰੇਜ ਪ੍ਰਸ਼ੰਸਕਾਂ ਦੇ ਸਿਰਾਂ ’ਤੇ ਚੜ੍ਹਿਆ ਹੋਇਆ ਹੈ।

ਸੀਰੀਜ਼ ਦਾ ਆਖ਼ਰੀ ਮੈਚ ਅੱਜ ਜਾਵੇਗਾ ਖੇਡਿਆ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੋ ਮੈਚ ਖੇਡੇ ਗਏ ਹਨ ਅਤੇ ਸੀਰੀਜ਼ 1-1 ਨਾਲ ਬਰਾਬਰ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਯਾਨੀ 1 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਜਿੱਤ ਕੇ ਦੋਵੇਂ ਟੀਮਾਂ ਸੀਰੀਜ਼ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਇਸ ਤੋਂ ਬਾਅਦ ਟੀਮ ਇੰਡੀਆ 9 ਫਰਵਰੀ ਤੋਂ ਆਸਟ੍ਰੇਲੀਆ ਖਿਲਾਫ 4 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।

Posted By: Harjinder Sodhi