ਨਵੀਂ ਦਿੱਲੀ (ਆਈਏਐੱਨਐੱਸ) : ਆਈਪੀਐੱਲ ਦਾ 13ਵਾਂ ਐਡੀਸ਼ਨ ਯੂਏਈ ਜਾਂ ਸ੍ਰੀਲੰਕਾ ਵਿਚ ਕਰਵਾਏ ਜਾਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਦੇਖਿਆ ਜਾ ਰਿਹਾ ਹੈ। ਇਸ 'ਤੇ ਆਖ਼ਰੀ ਐਲਾਨ ਕਰਨ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਟੀ-20 ਵਿਸ਼ਵ ਕੱਪ ਦੇ ਭਵਿੱਖ 'ਤੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ। ਇਹ ਵਿਸ਼ਵ ਕੱਪ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ ਵਿਚ ਪ੍ਰਸਤਾਵਿਤ ਹੈ। ਮਾਮਲੇ ਨੂੰ ਨੇੜਿਓਂ ਜਾਨਣ ਵਾਲੇ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਚਾਰ ਤਾਂ ਲੀਗ ਨੂੰ ਭਾਰਤ ਵਿਚ ਹੀ ਖੇਡਣ ਦਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਹਾਲਾਤ ਨੂੰ ਦੇਖਦੇ ਹੋਏ ਬੋਰਡ ਆਖ਼ਰ ਇਸ ਟੂਰਨਾਮੈਂਟ ਨੂੰ ਯੂਏਈ ਜਾਂ ਸ੍ਰੀਲੰਕਾ ਵਿਚ ਕਰਵਾ ਸਕਦਾ ਹੈ।

ਅਧਿਕਾਰੀ ਨੇ ਕਿਹਾ ਕਿ ਅਸੀਂ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਟੂਰਨਾਮੈਂਟ ਕਿੱਥੇ ਖੇਡਿਆ ਜਾਵੇਗਾ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਸਾਲ ਇਹ ਵਿਦੇਸ਼ ਵਿਚ ਹੋਵੇਗਾ। ਭਾਰਤ ਵਿਚ ਅਜਿਹੇ ਹਾਲਾਤ ਲੱਗ ਨਹੀਂ ਰਹੇ ਜਿੱਥੇ ਇਕ ਜਾਂ ਦੋ ਥਾਵਾਂ 'ਤੇ ਮੈਚ ਕਰਵਾਏ ਜਾਣ ਤੇ ਫਿਰ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ ਜੋ ਖਿਡਾਰੀਆਂ ਤੇ ਆਮ ਜਨਤਾ ਲਈ ਸੁਰੱਖਿਅਤ ਹੋਵੇ ਹਾਲਾਂਕਿ ਮੈਚ ਖ਼ਾਲੀ ਸਟੇਡੀਅਮ ਵਿਚ ਹੀ ਖੇਡੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਇਸ ਦੌੜ ਵਿਚ ਯੂਏਈ ਸਭ ਤੋਂ ਅੱਗੇ ਹੈ। ਹੁਣ ਲੀਗ ਕਿੱਥੇ ਕਰਵਾਉਣੀ ਹੈ ਇਹ ਫ਼ੈਸਲਾ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋਏ ਕੀਤਾ ਜਾਵੇਗਾ। ਸਾਨੂੰ ਜਲਦੀ ਫ਼ੈਸਲਾ ਕਰਨਾ ਪਵੇਗਾ।

Posted By: Rajnish Kaur