ਸੇਂਟ ਕਿਟਸ ਐਂਡ ਨੇਵਿਸ (ਪੀਟੀਆਈ) : ਪੰਜ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 'ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਸੋਮਵਾਰ ਨੂੰ ਦੂਜੇ ਮੈਚ ਵਿਚ ਵੈਸਟਇੰਡੀਜ਼ 'ਤੇ ਆਪਣਾ ਦਬਦਬਾ ਕਾਇਮ ਰੱਖਣ ਉਤਰੇਗੀ।

ਇਸ ਸਾਲ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤੀ ਟੀਮ ਇਸ ਫਾਰਮੈਟ ਦੇ ਕਿਸੇ ਵੀ ਮੈਚ ਨੂੰ ਹਲਕੇ ਵਿਚ ਨਹੀਂ ਲਵੇਗੀ। ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂਆਤੀ ਟੀ-20 ਮੈਚ ਵਿਚ ਦੋਵਾਂ ਦੇਸ਼ਾਂ ਵਿਚਾਲੇ ਖੇਡ ਦੇ ਹਰ ਵਿਭਾਗ 'ਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ। ਰੋਹਿਤ ਨੇ ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਤੇ ਰਵੀ ਬਿਸ਼ਨੋਈ ਵਰਗੇ ਤਿੰਨ ਸਪਿੰਨਰਾਂ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕਰ ਕੇ ਚਲਾਕੀ ਵਾਲੀ ਕਪਤਾਨੀ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਸ ਨਾਲ ਹੀ ਸੂਰਿਆ ਕੁਮਾਰ ਯਾਦਵ ਦੇ ਨਾਲ ਪਾਰੀ ਦਾ ਆਗਾਜ਼ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਗਲੈਂਡ ਖ਼ਿਲਾਫ਼ ਇਸ ਫਾਰਮੈਟ ਵਿਚ ਰੋਹਿਤ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਪਾਰੀ ਦਾ ਆਗਾਜ਼ ਕੀਤਾ ਸੀ। ਇਸ ਕਾਰਨ ਸੂਰਿਆ ਕੁਮਾਰ ਇਸ ਸਾਲ ਟੀ-20 ਅੰਤਰਰਾਸ਼ਟਰੀ ਵਿਚ ਭਾਰਤ ਦੇ ਸੱਤਵੇਂ ਸਲਾਮੀ ਬੱਲੇਬਾਜ਼ ਬਣੇ। ਉਨ੍ਹਾਂ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 16 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਦੀ ਗ਼ੈਰਮੌਜੂਦਗੀ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟੀਮ ਮੈਨੇਜਮੈਂਟ ਸਲਾਮੀ ਬੱਲੇਬਾਜ਼ ਲਈ ਤਜਰਬੇ ਕਰਨਾ ਜਾਰੀ ਰੱਖੇਗੀ।

ਭਾਰਤੀ ਟੀਮ ਨੂੰ ਲੰਬੇ ਸਮੇਂ ਤੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਘਾਟ ਰੜਕ ਰਹੀ ਸੀ ਪਰ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਟੀ-20 ਅੰਤਰਰਾਸ਼ਰਟੀ ਵਿਚ ਆਪਣੀ ਬਿਹਤਰੀਨ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ। ਪੰਜਾਬ ਦੇ ਇਸ 23 ਸਾਲ ਦੇ ਗੇਂਦਬਾਜ਼ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿਚ ਕਿਤੇ ਵੀ ਿਢੱਲ ਨਹੀਂ ਵਰਤੀ। ਉਨ੍ਹਾਂ ਨੇ ਸ਼ੁਰੂਆਤੀ ਓਵਰਾਂ ਵਿਚ ਸ਼ਾਰਟ ਗੇਂਦ ਦੇ ਸ਼ਾਨਦਾਰ ਇਸਤੇਮਾਲ ਨਾਲ ਸਲਾਮੀ ਬੱਲੇਬਾਜ਼ ਕਾਇਲ ਮਾਇਰਸ ਨੂੰ ਆਊਟ ਕੀਤਾ ਤੇ ਉਥੇ ਆਖ਼ਰੀ ਓਵਰਾਂ ਵਿਚ ਉਨ੍ਹਾਂ ਦੇ ਸਟੀਕ ਯਾਰਕਰ ਦਾ ਅਕੀਲ ਹੁਸੈਨ ਕੋਲ ਕੋਈ ਜਵਾਬ ਨਹੀਂ ਸੀ।

ਪਿਛਲੇ ਮੈਚ ਵਿਚ ਰੋਹਿਤ ਸ਼ਰਮਾ ਨੇ 44 ਗੇਂਦਾਂ ਵਿਚ 64 ਦੌੜਾਂ ਦੀ ਪਾਰੀ ਖੇਡ ਕੇ ਵੱਡੇ ਸਕੋਰ ਦੀ ਨੀਂਹ ਰੱਖੀ ਪਰ ਭਾਰਤੀ ਮੱਧ ਕ੍ਰਮ ਲੜਖੜਾ ਗਿਆ। ਆਖ਼ਰੀ ਓਵਰਾਂ ਵਿਚ ਦਿਨੇਸ਼ ਕਾਰਤਿਕ (19 ਗੇਂਦਾਂ ਵਿਚ ਅਜੇਤੂ 41) ਦੀ ਹੌਸਲੇ ਵਾਲੀ ਪਾਰੀ ਨੇ ਟੀਮ ਦੇ ਸਕੋਰ ਨੂੰ 190 ਦੌੜਾਂ ਤਕ ਪਹੁੰਚਾਇਆ।

ਇਸ ਮੈਚ ਵਿਚ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ 'ਤੇ ਧਿਆਨ ਦੇਣਾ ਪਵੇਗਾ। ਅਸ਼ਵਿਨ ਤੇ ਬਿਸ਼ਨੋਈ ਦੀ ਿਫ਼ਰਕੀ ਦਾ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਅਸ਼ਵਿਨ ਨੇ ਚਾਰ ਓਵਰਾਂ ਵਿਚ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤੇ ਇਹ ਜ਼ਾਹਰ ਕਰ ਦਿੱਤਾ ਕਿ ਟੀ-20 ਵਿਚ ਉਹ ਹੁਣ ਵੀ ਟੀਮ ਨੂੰ ਕਾਫੀ ਕੁਝ ਦੇ ਸਕਦੇ ਹਨ।

21 ਸਾਲ ਦੇ ਬਿਸ਼ਨੋਈ (ਚਾਰ ਓਵਰਾਂ ਵਿਚ 26 ਦੌੜਾਂ 'ਤੇ ਦੋ ਵਿਕਟਾਂ) ਨੇ ਵੀ ਸਾਬਤ ਕੀਤਾ ਕਿ ਉਹ ਵੱਡੇ ਮੰਚ ਲਈ ਤਿਆਰ ਹਨ। ਇਹ ਦੇਖਿਆ ਜਾਣਾ ਬਾਕੀ ਹੈ ਕਿ ਟੀਮ ਮੈਨੇਜਮੈਂਟ ਜਡੇਜਾ, ਅਸ਼ਵਿਨ ਤੇ ਬਿਸ਼ਨੋਈ ਦੀ ਤਿਕੜੀ ਨੂੰ ਕਾਇਮ ਰੱਖੇਗੀ ਜਾਂ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਦੀ ਟੀਮ ਵਿਚ ਵਾਪਸੀ ਹੋਵੇਗੀ।

ਭਾਰਤ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਸੰਜੂ ਸੈਮਸਨ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਆਵੇਸ਼ ਖ਼ਾਨ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਅਕਸ਼ਰ ਪਟੇਲ ਤੇ ਅਰਸ਼ਦੀਪ ਸਿੰਘ।

ਵੈਸਟਇੰਡੀਜ਼ : ਨਿਕੋਲਸ ਪੂਰਨ (ਕਪਤਾਨ), ਸ਼ਾਮਰਾਹ ਬਰੂਕਸ, ਬਰੈਂਡਨ ਕਿੰਗ, ਰੋਵਮੈਨ ਪਾਵੇਲ, ਕੀਸੀ ਕਾਰਟੀ, ਕਾਇਲ ਮੇਅਰਸ, ਜੇਸਨ ਹੋਲਡਰ, ਗੁਡਾਕੇਸ਼ ਮੋਤੀ, ਕੀਮੋ ਪਾਲ, ਸ਼ਾਈ ਹੋਪ, ਅਕੀਲ ਹੁਸੈਨ, ਅਲਜ਼ਾਰੀ ਜੋਸਫ਼, ਜੇਡਨ ਸੀਲਸ।

Posted By: Gurinder Singh