ਕੇਪਟਾਊਨ (ਪੀਟੀਆਈ) : ਭਾਰਤੀ ਟੀਮ ਨੇ ਜੋਹਾਨਸਬਰਗ 'ਚ ਮਿਲੀ ਹਾਰ ਨੂੰ ਭੁਲਾ ਕੇ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਸੀਰੀਜ਼ ਜਿੱਤਣ ਦੇ ਟੀਚੇ ਨਾਲ ਤੀਜੇ ਤੇ ਫ਼ੈਸਲਾਕੁਨ ਟੈਸਟ ਮੈਚ ਲਈ ਐਤਵਾਰ ਨੂੰ ਅਭਿਆਸ ਕੀਤਾ। ਭਾਰਤੀ ਕ੍ਰਿਕਟਰ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਦੀ ਤਸਵੀਰ ਨਾਲ ਟਵੀਟ ਕੀਤਾ ਕਿ ਅਸੀਂ ਇੱਥੇ ਖ਼ੂਬਸੂਰਤ ਕੇਪਟਾਊਨ ਵਿਚ ਹਾਂ। ਟੀਮ ਨੇ ਤੀਜੇ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਅਜੇ 1-1 ਨਾਲ ਬਰਾਬਰੀ 'ਤੇ ਹੈ। ਤੀਜਾ ਟੈਸਟ ਇੱਥੇ 11 ਤੋਂ 15 ਜਨਵਰੀ ਵਿਚਾਲੇ ਖੇਡਿਆ ਜਾਵੇਗਾ।

ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕਵਾਇਦ ਵਿਚ ਲੱਗੇ ਭਾਰਤ ਨੇ ਸੈਂਚੂਰੀਅਨ ਵਿਚ ਪਹਿਲੇ ਮੈਚ ਵਿਚ 113 ਦੌੜਾਂ ਨਾਲ ਜਿੱਤ ਦਰਜ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਜੋਹਾਨਸਬਰਗ ਵਿਚ ਦੂਜੇ ਟੈਸਟ ਵਿਚ ਉਸ ਨੂੰ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਸ਼ਨਿਚਰਵਾਰ ਨੂੰ ਕੇਪਟਾਊਨ ਪੁੱਜ ਗਈ ਸੀ। ਭਾਰਤ ਦੂਜੇ ਮੈਚ ਵਿਚ ਕਪਤਾਨ ਵਿਰਾਟ ਕੋਹਲੀ ਤੋਂ ਬਿਨਾਂ ਉਤਰੀ ਸੀ ਪਰ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਉਹ ਫ਼ੈਸਲਾਕੁਨ ਮੈਚ ਲਈ ਫਿੱਟ ਹੋ ਜਾਣਗੇ। ਕੋਹਲੀ ਦੀ ਪਿੱਠ ਦੇ ਉੱਪਰਲੇ ਹਿੱਸੇ ਵਿਚ ਜਕੜਨ ਸੀ ਤੇ ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਕੇਐੱਲ ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਤੀਜੇ ਮੈਚ ਵਿਚ ਖੇਡਣਾ ਸ਼ੱਕੀ ਹੈ। ਦੂਜੇ ਟੈਸਟ ਮੈਚ ਦੌਰਾਨ ਉਹ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਥਾਂ 'ਤੇ ਇਸ਼ਾਂਤ ਸ਼ਰਮਾ ਜਾਂ ਉਮੇਸ਼ ਯਾਦਵ ਨੂੰ ਆਖ਼ਰੀ ਇਲੈਵਨ ਵਿਚ ਲਿਆ ਜਾ ਸਕਦਾ ਹੈ।