ਚੇਨਈ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੇ ਕਿਹਾ ਹੈ ਕਿ ਭਾਰਤੀ ਟੀਮ ਵਿਚ ਮਹਾਨ ਟੀਮ ਦੀਆਂ ਸਾਰੀਆਂ ਨਿਸ਼ਾਨੀਆਂ ਹਨ ਕਿਉਂਕਿ ਉਹ ਹਰ ਹਾਲਾਤ ਵਿਚ ਜਿੱਤਣ ਦਾ ਹੁਨਰ ਜਾਣਦੀ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਉਸ ਦੀ ਧਰਤੀ 'ਤੇ 2-1 ਨਾਲ ਹਰਾਇਆ। ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਮੌਜੂਦਾ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਲਈ ਹੈ। ਹੇਡਨ ਨੇ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਉਹ ਅਜਿਹੀ ਟੀਮ ਹੈ ਜੋ ਜੁਝਾਰੂਪਨ ਨਾਲ ਖੇਡਣਾ ਤੇ ਮੁਸ਼ਕਲ ਹਾਲਾਤ ਵਿਚ ਜਿੱਤਣਾ ਜਾਣਦੀ ਹੈ। ਆਪਣੀ ਧਰਤੀ 'ਤੇ ਵੀ ਤੇ ਵਿਦੇਸ਼ ਵਿਚ ਵੀ। ਚੇਨਈ ਤੇ ਅਹਿਮਦਾਬਾਦ ਵਿਚ ਵਿਕਟਾਂ ਨੂੰ ਲੈ ਕੇ ਹੋ ਰਹੀ ਨਿੰਦਾ 'ਤੇ ਹੇਡਨ ਨੇ ਕਿਹਾ ਕਿ ਵਿਕਟਾਂ ਮਾੜੇ ਤਰੀਕੇ ਨਾਲ ਤਿਆਰ ਨਹੀਂ ਕੀਤੀਆਂ ਗਈਆਂ ਸਨ। ਮੈਨੂੰ ਕੋਈ ਮੁਸ਼ਕਲ ਨਹੀਂ ਹੈ। ਹਾਲਾਤ ਅਜਿਹੇ ਹੋਣੇ ਚਾਹੀਦੇ ਹਨ ਕਿ ਮੁਕਾਬਲਾ ਬਰਾਬਰੀ ਦਾ ਹੋਵੇ। ਆਪਣੀ ਧਰਤੀ 'ਤੇ ਤੇ ਵਿਦੇਸ਼ ਵਿਚ ਵੀ ਟੀਮਾਂ ਨੂੰ ਹਾਲਾਤ ਮੁਤਾਬਕ ਮਾਹਿਰ ਰੱਖਣੇ ਚਾਹੀਦੇ ਹਨ। ਆਧੁਨਿਕ ਕ੍ਰਿਕਟ, ਆਧੁਨਿਕ ਫਾਰਮੈਟ, ਵੱਖ-ਵੱਖ ਹਾਲਾਤ ਤੇ ਬਹੁਤ ਸਾਰੇ ਸਾਧਨਾਂ ਕਾਰਨ ਇਹੀ ਸਹੀ ਹੈ।

ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਸਵੀਪ ਖੇਡਣ ਦੀ ਦਿੱਤੀ ਸਲਾਹ

ਆਸਟ੍ਰੇਲੀਆ ਲਈ 103 ਟੈਸਟ ਮੈਚਾਂ ਵਿਚ 8625 ਦੌੜਾਂ ਬਣਾ ਚੁੱਕੇ ਹੇਡਨ ਨੇ ਆਰ ਅਸ਼ਵਿਨ ਤੇ ਅਕਸ਼ਰ ਪਟੇਲ ਦਾ ਸਾਹਮਣਾ ਕਰਨ ਵਿਚ ਨਾਕਾਮ ਰਹੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅਹਿਮਦਾਬਾਦ ਦੀ ਵਿਕਟ ਜ਼ਿਆਦਾ ਸਪਿੰਨ ਨਹੀਂ ਲੈਂਦੀ। ਮੈਂ ਇਸ 'ਤੇ ਜਦ ਸੰਭਵ ਹੋਵੇ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦਾ। ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਹਾਲਾਤ ਮੁਤਾਬਕ ਸਪਿੰਨਰਾਂ ਨੂੰ ਖੇਡਣਾ ਚਾਹੀਦਾ ਹੈ। ਗੇਂਦ ਦੇ ਸਪਿੰਨ ਨਾ ਲੈਣ 'ਤੇ ਕ੍ਰਾਸ ਬੈਟ ਸ਼ਾਟ ਖ਼ਤਰਨਾਕ ਹੁੰਦੇ ਹਨ ਜਿਸ ਨਾਲ ਲੱਤ ਅੜਿੱਕਾ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ।

Posted By: Susheel Khanna