ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਤੋਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਆਪਣੀ ਉਪਲੱਬਧਤਾ ਸਬੰਧੀ ਚੱਲ ਰਹੇ ਵਿਵਾਦਾਂ ਨੂੰ ਖ਼ਤਮ ਕਰਦਿਆਂ ਇੰਗਲੈਂਡ ਤੋਂ ਭਾਰਤ ਪਰਤੇ ਹਨ। ਸ਼ੁਭਮਨ ਗਿੱਲ ਆਪਣੇ ਚੰਡੀਗੜ੍ਹ ਘਰ ਪਹੁੰਚੇ ਹਨ, ਜਿੱਥੋਂ ਉਨ੍ਹਾਂ ਨੇ ਇਕ ਪੋਸਟ ਸਾਂਝੀ ਕੀਤੀ ਹੈ। ਗਿੱਲ ਨੂੰ ਗੰਭੀਰ ਸੱਟ ਲੱਗੀ ਹੈ ਅਤੇ ਇਸ ਸੱਟ ਤੋਂ ਠੀਕ ਹੋਣ ਵਿਚ ਉਨ੍ਹਾਂ ਨੂੰ ਲੰਮਾ ਸਮਾਂ ਲੱਗੇਗਾ। ਇਸ ਦੇ ਕਾਰਨ, ਉਹ ਲੰਬੇ ਸਮੇਂ ਲਈ ਟੀਮ ਤੋਂ ਬਾਹਰ ਰਹੇ ਹਨ।

21 ਸਾਲ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਭਾਰਤ ਸਥਿਤ ਆਪਣੇ ਘਰ ਪਹੁੰਚਣ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ। ਇਕ ਤਸਵੀਰ ਵਿਚ ਏਅਰਪੋਰਟ ਰੈਂਪ ਦਿਖਾਇਆ ਗਿਆ ਸੀ ਅਤੇ ਟੁੱਟੇ ਹੋਏ ਦਿਲ ਦੇ ਦੋ ਇਮੋਟਿਕਾਨਜ਼ ਸਨ, ਜਦਕਿ ਦੂਸਰੀ ਤਸਵੀਰ ਇਕ ਕੇਕ ਦੀ ਸੀ। ਜਿਸ ਵਿਚ ਪੂਰੇ ਪਰਿਵਾਰ ਵੱਲੋਂ ਇਕ ਸੰਦੇਸ਼ ਸੀ,"ਵੈਲਕਮ ਹੋਮ, ਸ਼ੂਬੀ"। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਤੋਂ ਵਾਪਸ ਘਰ ਪਰਤ ਚੁੱਕੇ ਹਨ।

ਗਿੱਲ, ਜਿਸ ਨੇ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਿਆ ਸੀ ਅਤੇ ਦੋ ਪਾਰੀਆਂ ਵਿਚ 28 ਅਤੇ ਅੱਠ ਦੌੜਾਂ ਬਣਾਈਆਂ ਸਨ, ਦੀ ਲੱਤ 'ਤੇ ਸੱਟ ਲੱਗੀ ਸੀ, ਜਿਸ ਕਾਰਨ ਉਹ ਹੁਣ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਬੀਸੀਸੀਆਈ ਦੇ ਸੂਤਰਾਂ ਨੇ ਉਸ ਦੀ ਸੱਟ ਲੱਗਣ ਅਤੇ ਵਾਪਸੀ ਦੀ ਪੁਸ਼ਟੀ ਕੀਤੀ ਹੈ, ਪਰ ਬੋਰਡ ਵੱਲੋਂ ਅਜੇ ਤਕ ਉਨ੍ਹਾਂ ਦੀ ਸੱਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਉਨ੍ਹਾਂ ਦੀ ਸੱਟ ਲੱਗਣ ਦੀ ਖ਼ਬਰ 30 ਜੂਨ ਨੂੰ ਸਾਹਮਣੇ ਆਈ ਸੀ। ਹਾਲਾਂਕਿ ਉਸ ਸਮੇਂ ਬੋਰਡ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਪਹਿਲੇ ਟੈਸਟ ਲਈ ਉਪਲਬਧ ਨਹੀਂ ਹੋਣਗੇ, ਪਰ ਉਨ੍ਹਾਂ ਦੀ ਘਰ ਵਾਪਸੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਪੂਰੀ ਟੈਸਟ ਸੀਰੀਜ਼ ਵਿਚ ਹੀ ਹਿੱਸਾ ਨਹੀਂ ਲੈਣਗੇ। ਭਾਰਤ ਕੋਲ ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਵਿਚ ਰਿਜ਼ਰਵ ਓਪਨਰ ਹਨ ਜੋ ਰੋਹਿਤ ਸ਼ਰਮਾ ਦੇ ਨਾਲ ਨਵੀਂ ਗੇਂਦ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਕੋਲ ਸਟੈਂਡਬਾਏ ਖਿਡਾਰੀਆਂ ਵਿਚ ਬੰਗਾਲ ਦਾ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਵੀ ਹੈ, ਪਰ ਉਹ ਇਸ ਸਮੇਂ ਆਈਸੋਲੇਸ਼ਨ ਵਿਚ ਹੈ।

Posted By: Ramandeep Kaur