ਲੰਡਨ (ਪੀਟੀਆਈ) : ਭਾਰਤੀ ਮਹਿਲਾ ਕ੍ਰਿਕਟ ਟੀਮ ਜੂਨ-ਜੁਲਾਈ ਵਿਚ ਇੰਗਲੈਂਡ ਦੌਰੇ ਦੌਰਾਨ ਬਿ੍ਸਟਲ ਵਿਚ ਇਕ ਟੈਸਟ ਮੈਚ ਖੇਡਣ ਤੋਂ ਇਲਾਵਾ ਤਿੰਨ ਵਨ ਡੇ ਤੇ ਤਿੰਨ ਹੀ ਟੀ-20 ਮੈਚਾਂ ਦੀ ਸੀਰੀਜ਼ ਖੇਡਣਗੀਆਂ। ਟੈਸਟ ਮੈਚ ਬਿ੍ਸਟਲ ਕਾਊਂਟੀ ਮੈਦਾਨ ਵਿਚ 16-19 ਜੂਨ ਤਕ ਖੇਡਿਆ ਜਾਵੇਗਾ ਤੇ ਇਸ ਨਾਲ ਇੰਗਲੈਂਡ ਦੀ ਟੀਮ ਦੇ ਗਰਮੀਆਂ ਦੇ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਭਾਰਤੀ ਮਹਿਲਾ ਟੀਮ 2014 ਤੋਂ ਬਾਅਦ ਪਹਿਲਾ ਟੈਸਟ ਕ੍ਰਿਕਟ ਮੈਚ ਖੇਡੇਗੀ ਜਦਕਿ ਇੰਗਲੈਂਡ ਨੇ ਪਿਛਲਾ ਟੈਸਟ 2019 ਵਿਚ ਐਸ਼ੇਜ਼ ਸੀਰੀਜ਼ ਦੌਰਾਨ ਖੇਡਿਆ ਸੀ। ਇੱਕੋ ਇਕ ਟੈਸਟ ਤੋਂ ਬਾਅਦ ਤਿੰਨ ਵਨ ਡੇ ਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਦੌਰੇ ਦਾ ਅੰਤ 15 ਜੁਲਾਈ ਨੂੰ ਚੇਮਸਫੋਰਡ ਵਿਚ ਹੋਵੇਗਾ। ਭਾਰਤੀ ਟੀਮ 27 ਤੇ 30 ਜੂਨ ਨੂੰ ਪਹਿਲਾ ਤੇ ਦੂਜਾ ਵਨ ਡੇ ਖੇਡੇਗੀ। ਤੀਜਾ ਵਨ ਡੇ ਮੁਕਾਬਲਾ ਤਿੰਨ ਜੁਲਾਈ ਨੂੰ ਖੇਡਿਆ ਜਾਵੇਗਾ। ਟੀ-20 ਮੁਕਾਬਲੇ ਨੌਂ, 11 ਤੇ 15 ਜੁਲਾਈ ਨੂੰ ਖੇਡੇ ਜਾਣਗੇ।