ਨਵੀਂ ਦਿੱਲੀ, ਸਪੋਰਟਸ ਡੈਸਕ : ਬੰਗਲਾਦੇਸ਼ ਦੌਰੇ ’ਤੇ ਸੀਨੀਅਰ ਖਿਡਾਰੀਆਂ ਦੀ ਵਾਪਸੀ ਨਾਲ ਟੀਮ ਦੀ ਬੱਲੇਬਾਜ਼ੀ ਮਜ਼ਬੂਤ ਨਜ਼ਰ ਆ ਰਹੀ ਸੀ ਪਰ ਜਦੋਂ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਕੇਐੱਲ ਰਾਹੁਲ ਨੂੰ ਛੱਡ ਕੇ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ।ਨਤੀਜਾ ਬੰਗਲਾਦੇਸ਼ ਸਾਹਮਣੇ ਸਿਰਫ਼ 187 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਆਸਾਨੀ ਨਾਲ ਹਾਸਿਲ ਕਰ ਸਕਦੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਕ ਸਮੇਂ 136 ਦੌੜਾਂ ’ਤੇ 9 ਵਿਕਟਾਂ ਲੈ ਲਈਆਂ ਸਨ ਪਰ ਮੇਹਦੀ ਹਸਨ ਮਿਰਾਜ਼ ਨੇ ਮੁਸਤਫਿਜ਼ੁਰ ਨਾਲ ਆਖ਼ਰੀ ਵਿਕਟ ਲਈ 51 ਦੌੜਾਂ ਜੋੜ ਕੇ ਟੀਮ ਇੰਡੀਆ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

ਮਿਰਾਜ਼ ਨੇ ਜਿੱਤ ਦਾ ਖੋਲ੍ਹਿਆ ਰਾਜ਼

ਮੈਚ ਤੋਂ ਬਾਅਦ ਮਿਰਾਜ਼ ਨੇ ਬੱਲੇਬਾਜੀ ਦੌਰਾਨ ਆਪਣੀ ਯੋਜਨਾ ਦੱਸੀ। ਉਸ ਨੇ ਕਿਹਾ ਕਿ ਸ਼ਾਇਦ ਲੋਕ ਮੈਨੂੰ ਪਾਗਲ ਕਹਿਣਗੇ ਪਰ ਮੈਨੂੰ ਭਰੋਸਾ ਸੀ ਕਿ ਅਸੀਂ ਜਿੱਤ ਸਕਦੇ ਹਾਂ। ਮੈਂ ਖ਼ੁਦ ਨੂੰ ਕਹਿ ਸੀ ਕਿ ਮੈਂ ਇਹ ਕਰ ਸਕਦਾ ਹਾਂ। ਮੈਂ ਸੋਚਿਆ ਕਿ ਮੈਂ ਇਬਾਦਤ ਨਾਲ 15 ਦੌੜਾਂ, ਹਸਨ ਮਹਿਮੂਦ ਨਾਲ 20 ਦੌੜਾਂ ਅਤੇ ਮੁਸਤਫਿਜ਼ੁਰ ਨਾਲ ਬਾਕੀ 15-20 ਦੌੜਾਂ ਬਣਾਵਾਂਗਾ ਪਰ ਦੋ ਸ਼ੁਰੂਆਤੀ ਵਿਕਟਾਂ ਡਿਗਣ ਨਾਲ ਅਸੀਂ ਕਰੋ ਜਾਂ ਮਰੋ ਦੀ ਸਥਿਤੀ ਵਿਚ ਸੀ।

ਮੁਸਤਫਿਜ਼ੁਰ ਨੇ ਦਿੱਤਾ ਸੀ ਭਰੋਸਾ

ਮਿਰਾਜ਼ ਨੇ ਕਿਹਾ ਕਿ ਇਸ ਦੌਰਾਨ ਮੁਸਤਫਿਜ਼ੁਰ ਦਾ ਕਾਫ਼ੀ ਸਹਿਯੋਗ ਮਿਲਿਆ। ਉਸ ਨੇ ਮੈਨੂੰ ਭਰੋਸਾ ਦਿੱਤਾ ਕਿ ਚਿੰਤਾ ਨਾ ਕਰੋ, ਮੈਂ ਆਪਣੇ ਸਰੀਰ ’ਤੇ ਗੇਂਦ ਲਵਾ ਲਵਾਂਗਾ ਪਰ ਆਊਟ ਨਹੀਂ ਹੋਵਾਂਗਾ। ਮਿਰਾਜ਼ ਨੇ ਅੱਗੇ ਕਿਹਾ ਕਿ ਜੇ ਮੈਂ ਉਸ ਸਮੇਂ ਸੋਚਿਆ ਹੁੰਦਾ ਕਿ ਇਹ ਦੌੜਾਂ ਨਹੀਂ ਬਣਨੀਆਂ ਤਾਂ ਇਹ ਕੰਮ ਨਾ ਕਰਦਾ। ਉਸ ਸਮੇਂ ਆਊਟ ਹੋਣ ’ਚ ਕੋਈ ਸਮੱਸਿਆ ਨਹੀਂ ਜਦੋਂ 50 ਦੌੜਾਂ ਬਾਕੀ ਸਨ, ਸਾਨੂੰ ਮੌਕਾ ਮਿਲਿਆ ਤੇ ਇਹ ਕੰਮ ਕਰ ਗਿਆ।

Posted By: Harjinder Sodhi