ਲੰਡਨ (ਆਈਏਐੱਨਐੱਸ) : ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਮੰਗਲਵਾਰ ਨੂੰ ਬਰਮਿੰਘਮ ਵਿਚ ਇਕ ਜੁਲਾਈ ਤੋਂ ਹੋਣ ਵਾਲੇ ਇੰਗਲੈਂਡ ਖ਼ਿਲਾਫ਼ ਦੁਬਾਰਾ ਨਿਰਧਾਰਤ ਪੰਜਵੇਂ ਟੈਸਟ ਤੋਂ ਪਹਿਲਾਂ ਲੈਸਟਰਸ਼ਾਇਰ ਵਿਚ ਭਾਰਤੀ ਟੈਸਟ ਟੀਮ ਨਾਲ ਜੁੜ ਗਏ। ਦ੍ਰਾਵਿੜ ਨੇ ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੇ ਨਾਲ ਐਤਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪੰਜਵੇਂ ਤੇ ਆਖ਼ਰੀ ਟੀ-20 ਮੈਚ ਦੇ ਖ਼ਤਮ ਹੋਣ ਤੋਂ ਇਕ ਦਿਨ ਬਾਅਦ ਬੈਂਗਲੁਰੂ ਤੋਂ ਉਡਾਣ ਭਰੀ ਸੀ।

ਬੀਸੀਸੀਆਈ ਦੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਮੁੱਖ ਕੋਚ ਨੂੰ ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦਾ ਲੈਸਟਰਸ਼ਾਇਰ ਕਾਊਂਟੀ ਮੈਦਾਨ ਵਿਚ ਟ੍ਰੇਨਿੰਗ ਸੈਸ਼ਨ ਸੀ। ਬੀਸੀਸੀਆਈ ਨੇ ਤਸਵੀਰਾਂ ਦੇ ਨਾਲ ਟਵੀਟ ਕੀਤਾ ਕਿ ਮੁੱਖ ਕੋਚ ਰਾਹੁਲ ਇੰਗਲੈਂਡ ਵਿਖੇ ਭਾਰਤੀ ਟੀਮ ਨਾਲ ਜੁੜੇੇ।

ਦ੍ਰਾਵਿੜ ਦੇ ਆਉਣ ਤੋਂ ਪਹਿਲਾਂ ਇੰਗਲੈਂਡ ਵਿਚ ਭਾਰਤ ਦੇ ਟ੍ਰੇਨਿੰਗ ਸੈਸ਼ਨ ਗੇਂਦਬਾਜ਼ੀ ਕੋਚ ਪਾਰਸ ਮਹਾਂਬਰੇ ਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਸੰਭਾਲ ਰਹੇ ਸਨ ਜਦਕਿ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਭਾਰਤ ਵਿਚ ਟੀ-20 ਮੈਚ ਖੇਡ ਰਹੀ ਸੀ। ਟੈਸਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਚੇਤੇਸ਼ਵਰ ਪੁਜਾਰਾ ਤੇ ਸ਼ਾਰਦੁਲ ਠਾਕੁਰ ਇੰਗਲੈਂਡ ਲਈ ਪਹਿਲਾਂ ਹੀ ਰਵਾਨਾ ਹੋ ਗਏ ਸਨ।

ਪਿਛਲੇ ਹਫ਼ਤੇ ਟੈਸਟ ਟੀਮ ਦੇ ਨਾਲ ਇੰਗਲੈਂਡ ਜਾਣ ਤੋਂ ਖੁੰਝਣ ਵਾਲੇ ਮੁੱਖ ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ ਅਗਲੇ ਕੁਝ ਦਿਨਾਂ ਵਿਚ ਇੰਗਲੈਂਡ ਪੁੱਜਣਗੇ। ਉਨ੍ਹਾਂ ਦੇ 24 ਜੂਨ ਤੋਂ ਸ਼ੁਰੂ ਹੋਣ ਵਾਲੇ ਕਾਊਂਟੀ ਖ਼ਿਲਾਫ਼ ਚਾਰ ਦਿਨਾਂ ਅਭਿਆਸ ਮੈਚ ਤੋਂ ਪਹਿਲਾਂ ਲੈਸਟਰ ਵਿਚ ਟੀਮ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਕੋਵਿਡ ਪਾਜ਼ੇਟਿਵ ਹੋਣ ਕਾਰਨ ਅਸ਼ਵਿਨ ਹੋਰ ਮੈਂਬਰਾਂ ਦੇ ਨਾਲ 16 ਜੂਨ ਨੂੰ ਮੁੰਬਈ ਤੋਂ ਉਡਾਣ ਭਰਨ ਵਿਚ ਨਾਕਾਮ ਰਹੇ ਸਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਪਤਾ ਲੱਗਾ ਹੈ ਕਿ ਤਜਰਬੇਕਾਰ ਕ੍ਰਿਕਟਰ ਲਈ ਯਾਤਰਾ ਦੀ ਨਵੀਂ ਵਿਵਸਥਾ ਕੀਤੀ ਜਾ ਰਹੀ ਹੈ ਜੋ ਜਲਦ ਹੀ ਆਪਣੇ ਬਾਕੀ ਸਾਥੀਆਂ ਨਾਲ ਟੀਮ ਨਾਲ ਜੁੜਨਗੇ। ਅਸ਼ਵਿਨ ਦੇ ਸਮੇਂ ’ਤੇ ਠੀਕ ਨਾ ਹੋਣ ’ਤੇ ਜਯੰਤ ਯਾਦਵ ਨੂੰ ਸਟੈਂਡਬਾਈ ਦੇ ਰੂਪ ਵਿਚ ਰੱਖਿਆ ਗਿਆ ਸੀ। ਹਰਿਆਣਾ ਦੇ ਇਸ ਸਪਿੰਨਰ ਨੂੰ ਬੈਂਗਲੁਰੂ ਵਿਚ ਐੱਨਸੀਏ ਵਿਚ ਬੁਲਾਇਆ ਗਿਆ ਸੀ। ਹਾਲਾਂਕਿ ਉਸ ਬਦਲ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ ਕਿਉਂਕਿ ਅਸ਼ਵਿਨ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਤੇ ਉਨ੍ਹਾਂ ਵਲੋਂ ਅਗਲੇ 24 ਘੰਟਿਆਂ ਵਿਚ ਇੰਗਲੈਂਡ ਲਈ ਉਡਾਣ ਭਰਨ ਦੀ ਉਮੀਦ ਹੈ।

Posted By: Gurinder Singh