ਕੋਲਕਾਤਾ (ਜੇਐੱਨਐੱਨ) : ਟੀਮ ਇੰਡੀਆ ਦੇ ਦੱਖਣੀ ਅਫਰੀਕਾ ਦੌਰੇ 'ਚ ਕਟੌਤੀ ਕੀਤੀ ਗਈ ਹੈ। ਭਾਰਤ ਹੁਣ ਉਥੇ ਸਿਰਫ਼ ਤਿੰਨ ਟੈਸਟ ਤੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗਾ। ਚਾਰ ਮੈਚਾਂ ਦੀ ਟੀ-20 ਸੀਰੀਜ਼ ਫ਼ਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਦੌਰਾ ਹੁਣ 26 ਦਸੰਬਰ ਤੋਂ ਸ਼ੁਰੂ ਹੋਵੇਗਾ।

ਟੀਮ ਇੰਡੀਆ ਦੀ ਰਵਾਨਗੀ ਵੀ ਇਸ ਮੁਤਾਬਕ ਇਕ ਹਫ਼ਤੇ ਤਕ ਅੱਗੇ ਵਧਾ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਕ੍ਰਿਕਟ ਸਾਊਥ ਅਫਰੀਕਾ (ਸੀਐੱਸਏ) ਨੇ ਕੋਰੋਨਾ ਦੇ ਨਵੇਂ ਵੇਰੀਏਂਟ 'ਓਮੀਕ੍ਰੋਨ' ਦੇ ਵਧਦੇ ਖ਼ਤਰੇ ਕਾਰਨ ਇਸ ਦੌਰੇ ਦੇ ਟਲ਼ਣ ਦੀਆਂ ਕਿਆਸ ਅਰਾਈਆਂ 'ਤੇ ਰੋਕ ਲਾਉਂਦੇ ਹੋਏ ਸ਼ਨਿਚਰਵਾਰ ਨੂੰ ਇਸ ਦਾ ਐਲਾਨ ਕੀਤਾ।

ਬੀਸੀਸੀਆਈ ਦੇ ਸਕੱਤਰ ਜੈਅ ਸ਼ਾਹ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਟੀਮ ਤਿੰਨ ਟੈਸਟ ਤੇ ਤਿੰਨ ਵਨ ਡੇ ਲਈ ਦੱਖਣੀ ਅਫਰੀਕਾ ਜਾਵੇਗੀ। ਚਾਰ ਟੀ-20 ਮੈਚ ਬਾਅਦ ਵਿਚ ਖੇਡੇ ਜਾਣਗੇ।