ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਤੇ ਉਸ ਤੋਂ ਬਾਅਦ ਰਾਸ਼ਿਦ ਖ਼ਾਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਗੁਜਰਾਤ ਟਾਈਟਨਜ਼ ਨੇ ਮੰਗਲਵਾਰ ਨੂੰ ਪੁਣੇ ਦੇ ਐੱਮਸੀਏ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਗੁਜਰਾਤ ਮੌਜੂਦਾ ਸੈਸ਼ਨ ਦੇ ਪਲੇਆਫ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ।

ਗੁਜਰਾਤ ਵੱਲੋਂ ਸ਼ੁਭਮਨ ਗਿੱਲ ਨੇ 49 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਗੁਜਰਾਤ ਦੀ ਟੀਮ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 144 ਦੌੜਾਂ ਹੀ ਬਣਾ ਸਕੀ। ਲਖਨਊ ਵੱਲੋਂ ਆਵੇਸ਼ ਖਾਨ (2/26) ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਜਵਾਬ ਵਿਚ ਲਖਨਊ ਦੀ ਟੀਮ 13.5 ਓਵਰਾਂ ਵਿਚ 82 ਦੌੜਾਂ 'ਤੇ ਸਿਮਟ ਗਈ। ਉਸ ਵੱਲੋਂ ਸਭ ਤੋਂ ਵੱਧ ਦੌੜਾਂ ਦੀਪਕ ਹੁੱਡਾ (27) ਨੇ ਬਣਾਈਆਂ। ਗੁਜਰਾਤ ਵੱਲੋਂ ਰਾਸ਼ਿਦ ਖ਼ਾਨ ਨੇ 24 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।