ਨਵੀਂ ਦਿੱਲੀ (ਜੇਐੱਨਐੱਨ) : ਬੰਗਲਾਦੇਸ਼ ਦੇ ਨੌਜਵਾਨ ਸਪਿੰਨਰ ਰਕੀਬੁਲ ਹਸਨ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ 2020 ਵਿਚ ਸਨਸਨੀ ਫੈਲਾਅ ਦਿੱਤੀ ਹੈ। ਰਬੀਕੁਲ ਹਸਨ ਨੇ ਇਸ ਆਈਸੀਸੀ ਅੰਡਰ-19 ਵਿਸ਼ਵ ਕੱਪ ਦੀ ਪਹਿਲੀ ਹੈਟਿ੍ਕ ਲੈ ਕੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਨੇ ਸਕਾਟਲੈਂਡ ਦੀ ਟੀਮ ਖ਼ਿਲਾਫ਼ ਲਗਾਤਾਰ ਤਿੰਨ ਗੇਂਦਾਂ 'ਤੇ ਤਿੰਨ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਆਪਣੇ ਕਰੀਅਰ ਦੀ ਪਹਿਲੀ ਹੈਟਿ੍ਕ ਆਪਣੇ ਨਾਂ ਕੀਤੀ। 17 ਸਾਲ ਦੇ ਰਬੀਕੁਲ ਹਸਨ ਨੇ ਆਪਣੇ ਕੋਟੇ ਦੇ ਚੌਥੇ ਤੇ ਸਕਾਟਲੈਂਡ ਦੀ ਪਾਰੀ ਦੇ 24ਵੇਂ ਓਵਰ ਵਿਚ ਤੀਜੀ, ਚੌਥੀ ਤੇ ਪੰਜਵੀਂ ਗੇਂਦ 'ਤੇ ਵਿਕਟ ਹਾਸਲ ਕੀਤੇ। ਇਸ ਨਾਲ ਉਨ੍ਹਾਂ ਨੇ ਅੰਡਰ-19 ਵਿਸ਼ਵ ਕੱਪ 2020 ਦੀ ਪਹਿਲੀ ਹੈਟਿ੍ਕ ਲੈਣ ਦਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਰਬੀਕੁਲ ਹਸਨ ਨੇ ਇਸ ਮੁਕਾਬਲੇ ਵਿਚ ਕੁੱਲ 5.3 ਓਵਰ ਗੇਂਦਬਾਜ਼ੀ ਕੀਤੀ, ਜਿਸ ਵਿਚ 20 ਦੌੜਾਂ ਖ਼ਰਚ ਕਰ ਕੇ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ। ਉਥੇ ਸਕਾਟਲੈਂਡ ਦੀ ਟੀਮ ਨੂੰ 100 ਦੌੜਾਂ ਤੋਂ ਘੱਟ ਦੇ ਸਕੋਰ 'ਤੇ ਰੋਕਣ 'ਚ ਉਨ੍ਹਾਂ ਨੇ ਬੰਗਲਾਦੇਸ਼ ਦੀ ਮਦਦ ਕੀਤੀ।

ਟਾਸ ਜਿੱਤ ਕੇ ਲਿਆ ਗ਼ਲਤ ਫ਼ੈਸਲਾ :

ਅੰਡਰ-19 ਵਿਸ਼ਵ ਕੱਪ ਦੇ 10ਵੇਂ ਤੇ ਗਰੁੱਪ ਸੀ ਦੇ ਮੁਕਾਬਲੇ ਵਿਚ ਸਕਾਟਲੈਂਡ ਦੀ ਟੀਮ ਦੇ ਕਪਤਾਨ ਅੰਗੁਸ ਗਾਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਟੀਮ 30.3 ਓਵਰਾਂ ਵਿਚ 89 ਦੌੜਾਂ ਬਣਾ ਕੇ ਸਿਮਟ ਗਈ। ਸਕਾਟਲੈਂਡ ਦੇ ਅੱਠ ਬੱਲੇਬਾਜ਼ ਦਹਾਈ ਦਾ ਅੰਕੜਾ ਤਕ ਨਹੀਂ ਛੂਹ ਸਕੇ। ਟੀਮ ਵੱਲੋਂ ਸਈਅਦ ਸ਼ਾਹ ਨੇ 28 ਦੌੜਾਂ, ਸੀਨ ਫਿਸਰ ਨੇ 17 ਤੇ ਕਪਤਾਨ ਅੰਗੁਸ ਨੇ 11 ਦੌੜਾਂ ਦੀ ਪਾਰੀ ਖੇਡੀ। ਇਸ ਕਾਰਨ ਕਪਤਾਨ ਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ।

17ਵੇਂ ਓਵਰ 'ਚ ਜਿੱਤਿਆ ਮੁਕਾਬਲਾ :

ਓਧਰ ਬੰਗਲਾਦੇਸ਼ ਵੱਲੋਂ ਹੈਟਿ੍ਕ ਲੈਣ ਵਾਲੇ ਰਬੀਕੁਲ ਹਸਨ ਨੇ ਚਾਰ, ਸ਼ੋਰੀਫੁਲ ਇਸਲਾਮ ਤੇ ਤੰਜੀਮ ਹਸਨ ਨੇ ਦੋ-ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਇਨ੍ਹਾਂ ਤੋਂ ਇਲਾਵਾ ਇਕ-ਇਕ ਵਿਕਟ ਸ਼ਮੀਮ ਹੁਸੈਨ ਤੇ ਮਿ੍ਤੂੰਜੈ ਚੌਧਰੀ ਨੂੰ ਮਿਲੀ। ਉਥੇ 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ 16.4 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 91 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।