ਮੈਲਬੌਰਨ (ਪੀਟੀਆਈ) : ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਅਟਕਲਾਂ ਦਾ ਦੌਰ ਖ਼ਤਮ ਕਰਦੇ ਹੋਏ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤੀ ਕ੍ਰਿਕਟ ਟੀਮ ਚਾਰ ਟੈਸਟ, ਵਨਡੇ ਤੇ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਇਸ ਸਾਲ ਅਕਤੂਬਰ 'ਚ ਉਨ੍ਹਾਂ ਦੇ ਦੇਸ਼ ਦਾ ਦੌਰਾ ਕਰੇਗੀ। ਸੀਏ ਨੇ ਆਪਣਾ ਗਰਮੀਆਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜੋ 9 ਅਗਸਤ ਤੋਂ ਜ਼ਿੰਬਾਬਵੇ ਦੇ ਦੌਰੇ ਨਾਲ ਸ਼ੁਰੂ ਹੋਵੇਗੀ। ਭਾਰਤ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਦਾ ਦੌਰਾ ਕਰੇਗਾ ਜਿਸ ਦੀ ਸ਼ੁਰੂਆਤ 11 ਅਕਤੂਬਰ ਨੂੰ ਬਿ੍ਸਬੇਨ ਤੋਂ ਹੋਵੇਗੀ ਜਿਸ ਤੋਂ ਬਾਅਦ 14 ਤੇ 17 ਅਕਤੂਬਰ ਨੂੰ ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਜਾਵੇਗੀ ਜਿਸ ਦੀ ਸ਼ੁਰੂਆਤ 3 ਦਸੰਬਰ ਤੋਂ ਬਿ੍ਸਬੇਨ 'ਚ ਹੋਵੇਗੀ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਪਹਿਲਾ ਮੈਚ ਪਰਥ 'ਚ 12 ਜਨਵਰੀ, ਦੂਜਾ ਮੈਲਬੌਰਨ 'ਚ 15 ਜਨਵਰੀ ਤੇ ਤੀਸਰਾ ਮੈਚ ਸਿਡਨੀ 'ਚ 17 ਜਨਵਰੀ ਨੂੰ ਖੇਡਿਆ ਜਾਵੇਗਾ।

ਲਾਰ ਦੀ ਬਜਾਏ ਕਿਸੇ ਹੋਰ ਵਸਤੂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਸਕਦੀ : ਅਰੁਣ

ਨਵੀਂ ਦਿੱਲੀ : ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ਕਰਨਾ ਪੁਰਾਣੀ ਆਦਤ ਹੈ ਪਰ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਜਦੋਂ ਲਾਰ 'ਤੇ ਪਾਬੰਦੀ ਲੱਗ ਗਈ ਹੈ ਤਾਂ ਫਿਰ ਹੋਰ ਕਿਸੇ ਚੀਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਚੀਜ਼ ਸਾਰੀਆਂ ਟੀਮਾਂ ਲਈ ਠੀਕ ਹੋਵੇਗੀ ਤਾਂ ਫਿਰ ਕਿਉਂ ਨਾ ਇਸ ਦੀ ਵਰਤੋਂ ਦੀ ਛੋਟ ਦੇ ਦਿੱਤੀ ਜਾਵੇ। ਲਾਰ ਦੀ ਵਰਤੋਂ ਕਰਨਾ ਪੁਰਾਣੀ ਆਦਤ ਹੈ ਪਰ ਅਸੀਂ ਪ੍ਰੈਕਟਿਸ ਸੈਸ਼ਨ 'ਚ ਇਸ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਾਂਗੇ।