ਜੇਐੱਨਐੱਨ, ਨਵੀਂ ਦਿੱਲੀ : ਆਖ਼ਰਕਾਰ ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਨੂੰ ਆਈਪੀਐਲ ਸਮਾਪਤੀ ਸਮਾਰੋਹ ਦਾ ਆਨੰਦ ਮਿਲੇਗਾ। ਹਾਲ ਹੀ ’ਚ ਬੀਸੀਸੀਆਈ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਸਮਾਪਤੀ ਸਮਾਰੋਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਕਰਵਾਇਆ ਜਾਵੇਗਾ। ਕੋਰੋਨਾ ਕਾਰਨ ਪਿਛਲੇ ਚਾਰ ਸਾਲਾਂ ਤੋਂ ਆਈਪੀਐੱਲ ਨਾਲ ਸਬੰਧਤ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਸੀ ਪਰ ਇਸ ਵਾਰ ਲਗਭਗ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ 2018 ਵਿਚ ਆਈਪੀਐੱਲ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਲਈ ਇਸ ਵਾਰ ਸਮਾਪਤੀ ਸਮਾਰੋਹ ਨੂੰ ਵੱਡੇ ਪੱਧਰ ’ਤੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਦਰਸ਼ਕਾਂ ਲਈ ਰਣਵੀਰ ਸਿੰਘ ਅਤੇ ਏਆਰ ਰਹਿਮਾਨ ਵਰਗੇ ਕਲਾਕਾਰ ਇਸ ਦਿਨ ਪਰਫਾਰਮ ਕਰਦੇ ਨਜ਼ਰ ਆਉਣਗੇ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਕ ਅੰਗਰੇਜ਼ੀ ਵੈੱਬਸਾਈਟ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਇੰਨਾ ਹੀ ਨਹੀਂ, ਇਸ ਪ੍ਰੋਗਰਾਮ ’ਚ ਭਾਰਤੀ ਕਿ੍ਰਕਟ ਨੇ ਪਿਛਲੇ 7 ਦਹਾਕਿਆਂ ’ਚ ਜੋ ਵੀ ਹਾਸਿਲ ਕੀਤਾ ਹੈ, ਉਸ ’ਤੇ ਵੀ ਨਜ਼ਰ ਮਾਰਾਂਗੇ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ’ਚ ਫਾਈਨਲ ਮੈਚ ਨਾਲ ਅਸੀਂ ਭਾਰਤੀ ਕਿ੍ਰਕਟ ਸਫ਼ਰ ਨੂੰ ਇਕ ਵਿਸ਼ੇਸ਼ ਸ਼ੋਅ ਰਾਹੀਂ ਦਿਖਾ ਕੇ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਵਾਂਗੇ।

ਜੇ ਫਾਈਨਲ ਤੋਂ ਇਲਾਵਾ ਦੋ ਕੁਆਲੀਫਾਇਰ ਮੈਚਾਂ ਦੀ ਗੱਲ ਕਰੀਏ ਤਾਂ ਬੋਰਡ ਨੇ ਈਡਨ ਗਾਰਡਨ ਮੈਦਾਨ ਨੂੰ ਚੁਣਿਆ ਹੈ। ਬੀਸੀਸੀਆਈ ਮੁਤਾਬਿਕ ਇੱਥੇ ਦੋ ਛੋਟੇ ਈਵੈਂਟ ਆਯੋਜਿਤ ਕਰਨ ਦੀ ਵੀ ਯੋਜਨਾ ਹੈ। ਹਾਲਾਂਕਿ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਸਾਬਕਾ ਕਪਤਾਨ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ

ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਫਾਈਨਲ ਮੈਚ ਅਤੇ ਇਸ ਪ੍ਰੋਗਰਾਮ ’ਚ ਭਾਰਤੀ ਕਿ੍ਰਕਟ ਦੇ ਕੁਝ ਸਾਬਕਾ ਕਪਤਾਨਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਹਾਲਾਂਕਿ ਇਸ ਪ੍ਰੋਗਰਾਮ ’ਚ ਕਿਹੜੇ-ਕਿਹੜੇ ਕਪਤਾਨ ਸ਼ਾਮਿਲ ਹੋਣਗੇ, ਇਸ ਬਾਰੇ ਬੀਸੀਸੀਆਈ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

Posted By: Harjinder Sodhi