ਦੁਬਈ (ਪੀਟੀਆਈ) : ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਦੇ ਗ਼ੈਰ-ਹਾਜ਼ਰੀ 'ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨ ਲਈ ਤਿਆਰ ਟ੍ਰੈਂਟ ਬੋਲਟ ਦਾ ਮੰਨਣਾ ਹੈ ਕਿ ਆਈਪੀਐੱਲ ਦੇ 13ਵੇਂ ਸੈਸ਼ਨ 'ਚ ਸਾਰੀਆਂ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਇੱਥੋਂ ਦੀ ਗਰਮ ਤੇ ਹੁੰਮਸ ਭਰੇ ਹਾਲਾਤ 'ਚ ਤਾਲਮੇਲ ਹਾਸਲ ਕਰਨ ਦੀ ਹੋਵੇਗੀ। ਪਿਛਲੇ ਸਾਲ ਦਿੱਲੀ ਕੈਪੀਟਲਸ ਦੀ ਅਗਵਾਈ ਕਰਨ ਵਾਲੇ ਬੋਲਟ ਚਾਰ ਵਾਰ ਦੀ ਇਸ ਚੈਂਪੀਅਨ ਟੀਮ ਨਾਲ ਪਹਿਲੀ ਵਾਰ ਜੁੜੇ ਹਨ। ਨਵੀਂ ਟੀਮ ਨਾਲ ਜੁੜਨ ਦੇ ਬਾਰੇ ਬੋਲਟ ਨੇ ਕਿਹਾ ਕਿ ਕਿਸੇ ਵੀ ਗੇਂਦਬਾਜ਼ ਲਈ ਮੁੰਬਈ ਦੇ ਬੱਲੇਬਾਜ਼ੀ ਕ੍ਰਮ ਖ਼ਿਲਾਫ਼ ਨਾ ਖੇਡਣਾ ਰਾਹਤ ਵਾਲੀ ਗੱਲ ਹੋਵੇਗੀ। ਬੋਲਟ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਚੁਣੌਤੀ ਰੇਗੀਸਤਾਨ ਵਿਚਾਲੇ 45 ਡਿਗਰੀ ਸੈਲਸੀਅਸ ਦੇ ਤਾਪਮਾਨ 'ਚ ਖ਼ੁਦ ਨੂੰ ਤਿਆਰ ਕਰਨ ਦੀ ਹੋਵੇਗੀ। ਮੈਂ ਇਕ ਬਹੁਤ ਛੋਟੇ ਦੇਸ਼ ਨਿਊਜ਼ੀਲੈਂਡ ਤੋਂ ਆਉਂਦਾ ਹਾਂ ਜਿੱਥੇ ਅਜੇ ਵੀ ਸਰਦੀਆਂ ਦਾ ਮੌਸਮ ਹੈ। ਉੱਥੇ ਇਸ ਸਮੇਂ ਤਾਪਮਾਨ ਲਗਪਗ 7-8 ਡਿਗਰੀ ਹੈ। ਬੋਲਟ ਨੇ ਕਿਹਾ ਕਿ ਮੈਂ ਇੱਥੇ ਥੋੜੀ ਕ੍ਰਿਕਟ ਖੇਡੀ ਹੈ ਤੇ ਮੈਨੂੰ ਪਤਾ ਹੈ ਕਿ ਇਸ ਸਮੇਂ ਹਾਲਾਤ ਕਾਫੀ ਹੱਦ ਤਕ ਬਦਲ ਸਕਦੇ ਹਨ। ਮੈਨੂੰ ਉਮੀਦ ਹੈ ਕਿ ਇੱਥੇ ਪਿੱਚਾਂ ਚੰਗੀਆਂ ਹੋਣਗੀਆਂ। ਸਾਡੇ ਕੋਲ ਕਿਸੇ ਵੀ ਵਿਰੋਧੀ ਟੀਮ ਨੂੰ ਹਰਾਉਣ ਦਾ ਹੁਨਰ ਹੈ।