ਮੈਲਬੌਰਨ (ਪੀਟੀਆਈ) : ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਪਹਿਲੀ ਵਾਰ ਉਸ ਦੇ ਘਰ ਵਿਚ ਟੈਸਟ ਸੀਰੀਜ਼ ਵਿਚ ਮਾਤ ਦਿੱਤੀ ਸੀ। ਆਸਟ੍ਰੇਲੀਆ ਦੇ ਸਾਬਕਾ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਇਹ ਹਾਰ ਅਜੇ ਤਕ ਨਹੀਂ ਪਚ ਰਹੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਾਲ 2018-19 ਵਿਚ ਕੰਗਾਰੂ ਟੀਮ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਕੁਝ ਜ਼ਿਆਦਾ ਹੀ ਨਰਮ ਹੋ ਕੇ ਖੇਡੀ ਸੀ।

ਇਸੇ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲਾ ਮੌਕਾ ਸੀ, ਜਦ ਏਸ਼ੀਆ ਦੀ ਕਿਸੇ ਟੀਮ ਨੇ ਕੰਗਾਰੂਆਂ ਨੂੰ ਉਨ੍ਹਾਂ ਦੇ ਘਰ ਵਿਚ ਟੈਸਟ ਸੀਰੀਜ਼ ਹਰਾਈ ਸੀ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਆਸਟ੍ਰੇਲੀਆਈ ਖਿਡਾਰੀਆਂ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਟੀਮ ਦੇ ਜ਼ਿਆਦਾਤਰ ਖਿਡਾਰੀ ਆਈਪੀਐੱਲ ਨੂੰ ਧਿਆਨ ਵਿਚ ਰੱਖ ਕੇ ਟੀਮ ਇੰਡੀਆ ਖ਼ਿਲਾਫ਼ ਆਪਣੀਆਂ ਰਣਨੀਤੀਆਂ ਬਣਾ ਰਹੇ ਸਨ। ਇਸੇ ਕਾਰਨ ਉਹ ਵਿਰਾਟ ਕੋਹਲੀ ਤੇ ਉਨ੍ਹਾਂ ਦੇ ਬਾਕੀ ਖਿਡਾਰੀਆਂ ਪ੍ਰਤੀ ਲੋੜ ਤੋਂ ਜ਼ਿਆਦਾ ਨਰਮ ਰਹੇ ਤਾਂਕਿ ਉਨ੍ਹਾਂ ਨੂੰ ਆਈਪੀਐੱਲ ਵਿਚ ਮੋਟੀ ਡੀਲ ਹਾਸਲ ਹੋ ਸਕੇ। ਕਲਾਰਕ ਨੇ ਆਸਟ੍ਰੇਲੀਆ ਦੇ ਇਕ ਰੇਡੀਓ ਪ੍ਰਰੋਗਰਾਮ 'ਤੇ ਇਹ ਗੱਲ ਕਹੀ। 2018-19 ਵਿਚ ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਸੀ ਤੇ ਇੱਥੇ ਭਾਰਤੀ ਟੀਮ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ ਮੇਜ਼ਬਾਨ ਟੀਮ ਨੂੰ 2-1 ਨਾਲ ਮਾਤ ਦਿੱਤੀ ਸੀ।

71 ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦ ਭਾਰਤ ਨੇ ਕੰਗਾਰੂਆਂ ਨੂੰ ਉਨ੍ਹਾਂ ਦੀ ਆਪਣੀ ਮਿੱਟੀ 'ਤੇ ਮਾਤ ਦਿੱਤੀ ਸੀ। ਇਸ ਹਾਰ ਤੋਂ ਹੁਣ ਤਕ ਦੁਖੀ ਇਸ ਸਾਬਕਾ ਕੰਗਾਰੂ ਕਪਤਾਨ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਇਸ ਖੇਡ ਦੇ ਵਿੱਤੀ ਮਾਮਲਿਆਂ ਵਿਚ ਭਾਰਤ ਕਿੰਨਾ ਮਜ਼ਬੂਤ ਹੈ। ਇਹ ਅਮੀਰੀ ਚਾਹੇ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਹੋਵੇ ਜਾਂ ਫਿਰ ਆਈਪੀਐੱਲ ਦੇ ਨਾਲ ਘਰੇਲੂ ਪੱਧਰ 'ਤੇ।

ਖਮਿਆਜ਼ਾ ਭੁਗਤਣ ਦਾ ਸਤਾਅ ਰਿਹਾ ਸੀ ਡਰ

ਕਲਾਰਕ ਨੇ ਕਿਹਾ ਕਿ ਸਾਡੇ ਖਿਡਾਰੀ ਕੋਹਲੀ ਅਤੇ ਕੰਪਨੀ ਤੋਂ ਥੋੜ੍ਹੇ ਡਰੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਅਪ੍ਰਰੈਲ (2018) ਵਿਚ ਉਨ੍ਹਾਂ ਨਾਲ ਆਈਪੀਐੱਲ ਵਿਚ ਖੇਡਣਾ ਸੀ। ਇਸ ਲਈ ਉਹ ਉਨ੍ਹਾਂ ਦੀ ਸਲੇਜਿੰਗ ਕਰਨ ਤੋਂ ਡਰ ਰਹੇ ਸਨ। ਖਿਡਾਰੀਆਂ ਨੂੰ ਡਰ ਸੀ ਕਿ ਜੇ ਇੱਥੇ ਜ਼ਿਆਦਾ ਸਲੇਜਿੰਗ ਕੀਤੀ ਤਾਂ ਫਿਰ ਆਈਪੀਐੱਲ ਦਾ ਮੋਟਾ ਕਰਾਰ ਹੱਥੋਂ ਨਿਕਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਖਿਡਾਰੀਆਂ ਨੂੰ ਚਿੰਤਾ ਸੀ ਕਿ ਜੇ ਉਨ੍ਹਾਂ ਨੇ ਕੋਹਲੀ ਨੂੰ ਸਲੇਜ ਕੀਤਾ ਤਾਂ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਈਪੀਐੱਲ ਨਿਲਾਮੀ ਵਿਚ ਭੁਗਤਣਾ ਪਵੇਗਾ। ਕਲਾਰਕ ਨੇ ਕਿਹਾ ਕਿ ਪੂਰੀ ਦੁਨੀਆ ਦੀਆਂ ਟੀਮਾਂ ਇਨ੍ਹੀਂ ਦਿਨੀਂ ਭਾਰਤੀ ਟੀਮ ਨਾਲ ਇਹੀ ਵਤੀਰਾ ਅਪਣਾਅ ਰਹੀਆਂ ਹਨ।