ਵੇਲਿੰਗਟਨ (ਏਪੀ) : ਗਲੇਨ ਮੈਕਸਵੈਲ ਤੇ ਆਰੋਨ ਫਿੰਚ ਦੇ ਅਰਧ ਸੈਂਕੜਿਆਂ ਤੋਂ ਬਾਅਦ ਏਸ਼ਟਨ ਏਗਰ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟ੍ਰੇਲੀਆ ਨੇ ਤੀਜੇ ਟੀ-20 ਅੰਤਰਰਾਸ਼ਟਰੀ ਵਿਚ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਜਿੱਤਣ ਦੀ ਉਮੀਦ ਕਾਇਮ ਰੱਖੀ। ਮੈਕਸਵੈਲ ਨੇ 31 ਗੇਂਦਾਂ 'ਚ ਅੱਠ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ ਜਦਕਿ ਫਿੰਚ ਨੇ 44 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 69 ਦੌੜਾਂ ਜੋੜੀਆਂ ਜਿਸ ਨਾਲ ਆਸਟ੍ਰੇਲੀਆ ਨੇ ਚਾਰ ਵਿਕਟਾਂ 'ਤੇ 208 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜੋਸ਼ ਫਿਲਿਪ ਨੇ ਵੀ 43 ਦੌੜਾਂ ਦਾ ਯੋਗਦਾਨ ਦਿੱਤਾ। ਮੈਕਸਵੈਲ ਨੇ ਸਿਰਫ਼ 25 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ ਤੇ ਆਪਣੀ ਪਾਰੀ ਦੌਰਾਨ ਜਿਮੀ ਨੀਸ਼ਾਮ ਦੇ ਇਕ ਓਵਰ ਵਿਚ ਦੋ ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 28 ਦੌੜਾਂ ਜੋੜੀਆਂ। ਜਵਾਬ ਵਿਚ ਏਗਰ (6/30) ਤੇ ਅੰਤਰਰਾਸ਼ਟਰੀ ਸ਼ੁਰੂਆਤ ਕਰ ਰਹੇ ਰਿਲੀ ਮੇਰੇਡਿਥ (2/24) ਦੀ ਵਧੀਆ ਗੇਂਦਬਾਜ਼ੀ ਦੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ 17.1 ਓਵਰਾਂ ਵਿਚ 144 ਦੌੜਾਂ 'ਤੇ ਸਿਮਟ ਗਈ।

ਪਹਿਲਾਂ ਰਿਲੀ ਨੇ ਦਿੱਤੇ ਨਿਊਜ਼ੀਲੈਂਡ ਨੂੰ ਝਟਕੇ

ਨਿਊਜ਼ੀਲੈਂਡ ਦੇ ਮੇਰੇਡਿਥ ਨੇ ਟਿਮ ਸੀਫਰਟ (04) ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (09) ਨੂੰ ਜਲਦੀ ਪਵੇਲੀਅਨ ਭੇਜਿਆ ਜਿਸ ਤੋਂ ਬਾਅਦ ਏਗਰ ਨੇ ਲਗਾਤਾਰ ਛੇ ਵਿਕਟਾਂ ਹਾਸਲ ਕੀਤੀ। ਏਗਰ ਨੇ ਦੂਜੀ ਵਾਰ ਟੀ-20 ਵਿਚ ਪੰਜ ਜਾਂ ਵੱਧ ਵਿਕਟਾਂ ਹਾਸਲ ਕੀਤੀਆਂ।

Posted By: Sunil Thapa