ਜੇਐੱਨਐੱਨ, ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਲਈ ਚੌਥੇ ਨੰਬਰ 'ਤੇ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਸ਼੍ਰੇਅਸ ਅਈਅਰ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਪਿਛਲੇ ਕੁਝ ਸਾਲਾਂ 'ਚ ਇਸ ਨੌਜਵਾਨ ਬੱਲੇਬਾਜ਼ ਨੇ ਸ਼ਾਨਦਾਰ ਖੇਡ ਨਾਲ ਆਪਣੀ ਥਾਂ ਟੀਮ ਵਿਚ ਪੱਕੀ ਕੀਤੀ ਹੈ। ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ 'ਚ ਅਈਅਰ ਦੀ ਕਪਤਾਨੀ 'ਚ ਦਿੱਲੀ ਕੈਪੀਟਲਜ਼ ਨੇ ਪਹਿਲੀ ਵਾਰ ਫਾਈਨਲ 'ਚ ਥਾਂ ਬਣਾਈ।

ਸਾਲ 2018 'ਚ ਗੌਤਮ ਗੰਭਾਰ ਨੇ ਟੂਰਨਾਮੈਂਟ ਦੌਰਾਨ ਹੀ ਅਈਅਰ ਨੂੰ ਦਿੱਲੀ ਦੀ ਕਪਤਾਨੀ ਸੌਂਪੀ ਸੀ। ਉਨ੍ਹਾਂ ਨੇ 23 ਸਾਲਾ ਇਸ ਨੌਜਵਾਨ ਨੂੰ ਟੀਮ ਦੇ ਭਵਿੱਖ ਲਈ ਬਿਹਤਰ ਦੱਸਿਆ ਸੀ। ਅਈਅਰ ਨੇ 40 ਗੇਂਦਾਂ 'ਤੇ 93 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਉਸ ਦੇ ਦਮਦਾਰ ਅਕਸ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਹੀ ਬਤੌਰ ਕਪਤਾਨ ਸ਼੍ਰੇਅਸ ਨੇ ਕਈ ਬਿਹਤਰੀਨ ਪਾਰੀਆਂ ਖੇਡੀਆਂ ਹਨ।

ਆਸਟ੍ਰੇਲੀਆ ਦੇ ਵਿਕਟਕੀਪਰ ਅਲੈਕਸ ਕੈਰੀ ਜੋ ਦਿੱਲੀ ਕੈਪਟੀਲਜ਼ ਦੀ ਟੀਮ ਦਾ ਹਿੱਸਾ ਹਨ, ਉਨ੍ਹਾਂ ਨੇ ਸ਼੍ਰੇਅਸ ਨੂੰ ਬਿਹਤਰ ਕਪਤਾਨ ਦੱਸਿਆ ਹੈ। ਕੈਰੀ ਨੇ ਉਮੀਦ ਜਤਾਈ ਕਿ ਉਹ ਇਕ ਦਿਨ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਅੰਦਰ ਇਕ ਦਿਨ ਭਾਰਤੀ ਟੀਮ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਮੈਂ ਸਮਝਦਾ ਹਾਂ ਕਿ ਸ਼੍ਰੇਅਸ ਇਕ ਬਿਹਤਰੀਨ ਕਪਤਾਨ ਬਣਨ ਦੀ ਰਾਹ 'ਤੇ ਹੈ।

Posted By: Harjinder Sodhi