ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਾਲ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅੱਠ ਜੁਲਾਈ ਤੋਂ ਉਨ੍ਹਾਂ ਦੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਇਕ ਵਾਰ ਮੁੜ ਬਹਾਲ ਹੋਣ ਵਾਲਾ ਹੈ। ਹਾਲਾਂਕਿ ਇਸ ਲਈ ਉਸ ਨੂੰ ਅਜੇ ਬਰਤਾਨਵੀ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ। ਈਸੀਬੀ ਵੱਲੋਂ ਜਾਰੀ ਪ੍ਰਰੈੱਸ ਰਿਲੀਜ਼ ਮੁਤਾਬਕ ਇੰਗਲਿਸ਼ ਟੀਮ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੈਸਟ ਦੀ ਸੀਰੀਜ਼ ਦਾ ਆਪਣੇ ਘਰ 'ਚ ਆਗਾਜ਼ ਕਰੇਗੀ। ਕੋਵਿਡ-19 ਤੋਂ ਬਾਅਦ ਇਹ ਪਹਿਲੀ ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ। ਈਸੀਬੀ ਨੇ ਆਪਣੇ ਟਵੀਟ ਵਿਚ ਸਾਫ਼ ਕਰ ਦਿੱਤਾ ਕਿ ਇਹ ਸੀਰੀਜ਼ ਬੰਦ ਦਰਵਾਜ਼ਿਆਂ ਦੇ ਪਿੱਛੇ ਮਤਲਬ ਕਿ ਬਿਨਾਂ ਦਰਸ਼ਕਾਂ ਦੇ ਹੀ ਹੋਵੇਗੀ। ਵੈਸਟਇੰਡੀਜ਼ ਦੀ ਟੀਮ ਬਰਤਾਨੀਆ ਵਿਚ ਨੌਂ ਜੂਨ ਨੂੰ ਪੁੱਜ ਜਾਵੇਗੀ ਇਸ ਤੋਂ ਬਾਅਦ ਉਹ ਓਲਡ ਟਰੈਫਰਡ ਪੁੱਜ ਕੇ ਕੁਆਰੰਟਾਈਨ ਰਹੇਗੀ ਤੇ ਟ੍ਰੇਨਿੰਗ ਕਰੇਗੀ। ਇਹ ਪਹਿਲਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਉਠਾਏ ਜਾਣ ਵਾਲੇ ਅਹਿਮ ਕਦਮ ਹਨ। ਪਾਕਿਸਤਾਨ ਖ਼ਿਲਾਫ਼ ਸੀਰੀਜ਼ ਦਾ ਪ੍ਰਰੋਗਰਾਮ ਵੈਸਟਇੰਡੀਜ਼ ਨਾਲ ਸੀਰੀਜ਼ ਤੋਂ ਬਾਅਦ ਤੈਅ ਕੀਤਾ ਜਾਵੇਗਾ।