ਦੁਬਈ (ਪੀਟੀਆਈ) : ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਵੇਲਿੰਗਟਨ ਵਿਚ ਮਿਲੀ 10 ਵਿਕਟਾਂ ਦੀ ਹਾਰ ਦੌਰਾਨ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸਿਰਫ਼ 21 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦਾ ਸਥਾਨ ਗੁਆ ਦਿੱਤਾ ਹੈ। ਕੋਹਲੀ ਦੀ ਰੈਂਕਿੰਗ ਵਿਚ ਇਸ ਗਿਰਾਵਟ ਦਾ ਫ਼ਾਇਦਾ ਉਨ੍ਹਾਂ ਦੇ ਵਿਰੋਧੀ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ (911 ਅੰਕ) ਨੂੰ ਹੋਇਆ ਹੈ। ਕੋਹਲੀ 906 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਅਜਿੰਕੇ ਰਹਾਣੇ, ਚੇਤੇਸ਼ਵਰ ਪੁਜਾਰਾ ਤੇ ਮਯੰਕ ਅਗਰਵਾਲ ਇਸ ਸੂਚੀ ਵਿਚ ਕ੍ਰਮਵਾਰ ਅੱਠਵੇਂ, ਨੌਵੇਂ ਤੇ 10ਵੇਂ ਸਥਾਨ 'ਤੇ ਹਨ। ਦੋ ਟੈਸਟ ਮੈਚਾਂ ਦੀ ਇਸ ਸੀਰੀਜ਼ ਦੇ ਪਹਿਲੇ ਟੈਸਟ ਵਿਚ 75 ਦੌੜਾਂ ਬਣਾਉਣ ਵਾਲੇ ਭਾਰਤੀ ਉੱਪ ਕਪਤਾਨ ਰਹਾਣੇ ਨੂੰ ਇਕ ਸਥਾਨ ਦਾ ਫ਼ਾਇਦਾ ਹੋਇਆ ਹੈ। ਮਯੰਕ ਨੇ ਦੂਜੀ ਪਾਰੀ ਵਿਚ ਅਰਧ ਸੈਂਕੜੇ ਸਮੇਤ 92 ਦੌੜਾਂ ਬਣਾ ਕੇ ਕਰੀਅਰ ਦੀ ਸਰਬੋਤਮ 10ਵੀਂ ਰੈਂਕਿੰਗ 'ਤੇ ਵਾਪਸੀ ਕੀਤੀ ਹੈ। ਪੁਜਾਰਾ ਦੋਵਾਂ ਪਾਰੀਆਂ ਵਿਚ 11-11 ਦੌੜਾਂ ਬਣਾਉਣ ਤੋਂ ਬਾਅਦ ਦੋ ਸਥਾਨ ਹੇਠਾਂ ਖਿਸਕ ਗਏ ਹਨ। ਕੋਹਲੀ ਦੇ ਖਿਸਕਣ ਨਾਲ ਆਸਟ੍ਰੇਲੀਆ ਦੇ ਸਟੀਵ ਸਮਿਥ ਇਕ ਵਾਰ ਮੁੜ ਚੋਟੀ 'ਤੇ ਪੁੱਜ ਗਏ ਹਨ। ਜੂਨ 2015 ਵਿਚ ਪਹਿਲੀ ਵਾਰ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਬਣੇ ਸਮਿਥ ਅੱਠਵੀਂ ਵਾਰ ਚੋਟੀ 'ਤੇ ਪੁੱਜੇ ਹਨ। ਸਮਿਥ ਤੇ ਕੋਹਲੀ ਤੋਂ ਇਲਾਵਾ ਪਿਛਲੀ ਵਾਰ ਕੇਨ ਵਿਲੀਅਮਸਨ ਦਸੰਬਰ 2015 ਵਿਚ ਅੱਠ ਦਿਨ ਲਈ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣੇ ਸਨ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ਵਿਚ 99 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਗੇਂਦਬਾਜ਼ੀ ਸੂਚੀ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਨੌਵੇਂ ਸਥਾਨ 'ਤੇ ਹਨ। ਉਹ 765 ਅੰਕਾਂ ਨਾਲ ਚੋਟੀ ਦੇ 10 ਵਿਚ ਸ਼ਾਮਲ ਇੱਕੋ-ਇਕ ਭਾਰਤੀ ਗੇਂਦਬਾਜ਼ ਹਨ।

ਇਸ਼ਾਂਤ ਸ਼ਰਮਾ ਨੂੰ ਮਿਲਿਆ ਫ਼ਾਇਦਾ

ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਪਹਿਲੇ ਟੈਸਟ ਵਿਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਇਕ ਸਥਾਨ ਦੇ ਫ਼ਾਇਦੇ ਨਾਲ 17ਵੇਂ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟਿਮ ਸਾਊਥੀ ਤੇ ਟ੍ਰੇਂਟ ਬੋਲਟ ਨੂੰ ਰੈਂਕਿੰਗ ਵਿਚ ਕਾਫੀ ਫ਼ਾਇਦਾ ਹੋਇਆ ਹੈ ਜਿਨ੍ਹਾਂ ਨੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਵਿਚ ਕ੍ਰਮਵਾਰ ਨੌਂ ਤੇ ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਸਾਊਥੀ ਅੱਠ ਸਥਾਨ ਦੇ ਫ਼ਾਇਦੇ ਨਾਲ ਛੇਵੇਂ ਨੰਬਰ 'ਤੇ ਪੁੱਜ ਗਏ। ਜੂਨ 2014 ਵਿਚ ਕਰੀਅਰ ਦੀ ਸਰਬੋਤਮ ਪੰਜਵੀਂ ਰੈਂਕਿੰਗ ਤੋਂ ਬਾਅਦ ਇਹ ਸਾਊਥੀ ਦੀ ਸਰਬੋਤਮ ਰੈਂਕਿੰਗ ਹੈ। ਬੋਲਟ ਚਾਰ ਸਥਾਨ ਦੇ ਫ਼ਾਇਦੇ ਨਾਲ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਹਨ।

ਹਰਫ਼ਨਮੌਲਾ 'ਚ ਤੀਜੇ ਸਥਾਨ 'ਤੇ ਜਡੇਜਾ

ਹਰਫ਼ਨਮੌਲਾ ਦੀ ਸੂਚੀ ਵਿਚ ਰਵਿੰਦਰ ਜਡੇਜਾ ਤੇ ਅਸ਼ਵਿਨ ਕ੍ਰਮਵਾਰ ਤੀਜੇ ਤੇ ਪੰਜਵੇਂ ਸਥਾਨ 'ਤੇ ਹਨ। ਜਡੇਜਾ ਪਹਿਲੇ ਟੈਸਟ ਵਿਚ ਨਹੀਂ ਖੇਡੇ ਸਨ ਜਦਕਿ ਜ਼ੀਰੋ ਤੇ ਚਾਰ ਦੌੜਾਂ ਦੀ ਪਾਰੀ ਖੇਡਣ ਵਾਲੇ ਅਸ਼ਵਿਨ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ 360 ਅੰਕਾਂ ਨਾਲ ਚੋਟੀ 'ਤੇ ਕਾਇਮ ਹੈ ਜਦਕਿ ਆਸਟ੍ਰੇਲੀਆ 296 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਵੇਲਿੰਗਟਨ ਵਿਚ ਜਿੱਤ ਨਾਲ 60 ਅੰਕ ਹਾਸਲ ਕਰਨ ਵਾਲੇ ਨਿਊਜ਼ੀਲੈਂਡ ਦੇ 120 ਅੰਕ ਹਨ।