ਜੇਐਨਐਨ, ਨਵੀਂ ਦਿੱਲੀ : ਪਾਕਿਸਤਾਨ ਵਿਚ ਦਸ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਟੈਸਟ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ। ਅਗਲੇ ਸਾਲ ਮੇਜ਼ਬਾਨ ਪਾਕਿਸਤਾਨ ਅਤੇ ਸ੍ਰੀ ਲੰਕਾ ਵਿਚ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ ਜੋ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸ੍ਰੀਲੰਕਾ ਕ੍ਰਿਕਟ ਬੋਰਡ ਨੂੰ ਇਸ ਟੈਸਟ ਸੀਰੀਜ਼ ਲਈ ਰਜ਼ਾਮੰਦ ਕਰ ਲਿਆ ਹੈ।

ਕੁਝ ਸਮਾਂ ਪਹਿਲਾਂ ਹੀ ਸ੍ਰੀਲੰਕਾਈ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। ਜਿਥੇ ਦੋਵੇਂ ਦੇਸ਼ਾਂ ਵਿਚ ਵਨਡੇ ਅਤੇ ਟੀ20 ਇੰਟਰਨੈਸ਼ਨਲ ਸੀਰੀਜ਼ ਖੇਡੀ ਗਈ। ਹਾਲਾਂਕਿ ਸ੍ਰੀਲੰਕਾ ਪਰਤ ਕੇ ਕੁਝ ਖਿਡਾਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਇਕ ਤਰ੍ਹਾਂ ਨਾਲ ਬੰਦੀ ਬਣਾ ਕੇ ਰੱਖਿਆ ਗਿਆ। ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਸਨ, ਜਿਸ ਕਾਰਲ ਸ੍ਰੀਲੰਕਾਈ ਖਿਡਾਰੀਆਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।

ਬਾਵਜੁਦ ਇਸ ਦੇ ਸ੍ਰੀਲੰਕਾ ਕ੍ਰਿਕਟ ਬੋਰਡ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾਈ ਟੀਮ ਦੇ 10 ਖਿਡਾਰੀਆਂ ਨੇ ਪਾਕਿਸਤਾਨ ਜਾਣ ਤੋਂ ਮਨਾ ਕਰ ਦਿੱਤਾ ਸੀ।

ਇਹ ਹੈ ਪਾਕਿਸਤਾਨ ਬਨਾਮ ਸ੍ਰੀਲੰਕਾ ਟੈਸਟ ਸੀਰੀਜ਼ ਦਾ ਸ਼ਡਿਊਲ

ਪਾਕਿਸਤਾਨ ਅਤੇ ਸ੍ਰੀਲੰਕਾ ਵਿਚ ਦਸਬੰਰ ਵਿਚ ਹੋਣ ਵਾਲੀ ਇਸ ਟੈਸਟ ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ ਦੇ ਪਿੰਡੀ ਕ੍ਰਿਕਟ ਸਟੇਡੀਅਮ ਵਿਚ 11 ਤੋਂ 15 ਦਸੰਬਰ ਨੂੰ ਖੇਡਿਆ ਜਾਵੇਗਾ। ਸੀਰੀਜ਼ ਦਾ ਦੂਜਾ ਮੁਕਾਬਲਾ ਕਰਾਚੀ ਦੇ ਰਾਸ਼ਟਰੀ ਸਟੇਡੀਅਮ ਵਿਚ 19 ਤੋਂ 23 ਦਸੰਬਰ ਵਿਚਕਾਰ ਖੇਡਿਆ ਜਾਵੇਗਾ। ਗੌਰਤਲਬ ਹੈ ਕਿ ਸ੍ਰੀਲੰਕਾਈ ਟੀਮ ਸਾਲ 2009 ਵਿਚ ਪਾਕਿਸਤਾਨ ਦੇ ਦੌਰੇ 'ਤੇ ਗਈ ਸੀ ਜਿਥੇ ਟੀਮ ਬਸ 'ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿਚ ਕਈ ਖਿਡਾਰੀ ਅਤੇ ਕੁਝ ਆਮ ਲੋਕ ਜ਼ਖ਼ਮੀ ਹੋਏ ਸਨ।

Posted By: Tejinder Thind