ਆਈਏਐੱਨਐੱਸ, ਕੋਲੰਬੋ : ਸ਼੍ਰੀਲੰਕਾ ਦੀ ਕ੍ਰਿਕਟ ਟੀਮ ਨੂੰ ਅੱਜ ਆਪਣੇ ਟੀ20 ਵਿਸ਼ਵ ਕੱਪ 2021 ਮੁਹਿੰਮ ਦੀ ਸ਼ੁਰੂਆਤ ਕਰਨੀ ਹੈ, ਪਰ ਇਸਤੋਂ ਪਹਿਲਾਂ ਇਕ ਬੁਰੀ ਖ਼ਬਰ ਸ਼੍ਰੀਲੰਕਾ ਕ੍ਰਿਕਟ ਨਾਲ ਜੁੜੀ ਸਾਹਮਣੇ ਆਈ ਹੈ। ਜੀ ਹਾਂ, ਸ਼੍ਰੀਲੰਕਾ ਦੀ ਟੀਮ ਦੇ ਸਾਬਕਾ ਕਪਤਾਨ ਦਾ ਦੇਹਾਂਤ ਹੋ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਟੀਮ ਲਈ ਪਹਿਲੇ ਟੈਸਟ ਮੈਚ ’ਚ ਕਪਤਾਨੀ ਕਰਨ ਵਾਲੇ ਬੰਦੁਲਾ ਵਰਣਪੁਰਾ (Bandula Warnapura) ਦਾ ਦੇਹਾਂਤ ਹੋ ਗਿਆ ਹੈ। ਕੋਲੰਬੋ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਬੰਦੁਲਾ ਵਰਣਪੁਰਾ ਦਾ ਦੇਹਾਂਤ ਹੋ ਗਿਆ। 68 ਸਾਲ ਦੀ ਉਮਰ ’ਚ ਇਸ ਦਿੱਗਜ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ।

ਬੰਦੁਲਾ ਵਰਣਪੁਰਾ ਸ਼੍ਰੀਲੰਕਾ ਦੀ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ ਅਤੇ ਬੋਰਡ ’ਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਸਾਬਕਾ ਕ੍ਰਿਕਟਰ ਨੂੰ ਖ਼ੂਨ ਸੰਚਾਰ ’ਚ ਮੁਸ਼ਕਲ ਕਾਰਨ ਹਾਈ ਸ਼ੂਗਰ ਲੈਵਲ ਦਾ ਪਤਾ ਚੱਲਣ ਤੋਂ ਬਾਅਦ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਸੀ। 1982 ’ਚ ਕੋਲੰਬੋ ’ਚ ਇੰਗਲੈਂਡ ਖ਼ਿਲਾਫ਼ ਸ਼੍ਰੀਲੰਕਾ ਦੇ ਪਹਿਲੇ ਟੈਸਟ ਦੌਰਾਨ ਬੰਦੁਲਾ ਨੇ ਕਪਤਾਨੀ ਕੀਤੀ ਅਤੇ ਤਿੰਨ ਟੈਸਟ ਅਤੇ 12 ਵਨ ਡੇਅ ਮੈਚ ਖੇਡੇ, ਪਰ ਉਨ੍ਹਾਂ ਦਾ ਪ੍ਰਭਾਵਸ਼ਾਲੀ ਕ੍ਰਿਕਟ ਕਰੀਅਰ ਉਦੋ ਛੋਟਾ ਰਹਿ ਗਿਆ, ਜਦੋਂ ਉਨ੍ਹਾਂ ਨੇ 1982-83 ’ਚ ਦੱਖਣੀ ਅਫਰੀਕਾ ਦੇ ਦੌਰੇ ’ਤੇ ਰੰਗਭੇਦ ਕਾਰਨ ਆਜੀਵਨ ਬੈਨ ਝੱਲਣਾ ਪਿਆ।

ਹਾਲਾਂਕਿ, 1991 ’ਚ ਬੰਦੁਲਾ ਰਾਸ਼ਟਰੀ ਕੋਚ ਅਤੇ ਸ਼੍ਰੀਲੰਕਾਈ ਕ੍ਰਿਕਟ ਬੋਰਡ ਦੇ ਪ੍ਰਸ਼ਾਸਕ ਦੇ ਰੂਪ ’ਚ ਕ੍ਰਿਕਟ ’ਚ ਫਿਰ ਤੋਂ ਸ਼ਾਮਿਲ ਹੋ ਗਏ। ਉਨ੍ਹਾਂ ਨੂੰ 1994 ’ਚ ਕੋਚਿੰਗ ਦੇ ਨਿਰਦੇਸ਼ਕ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ’ਚ 2001 ’ਚ ਉਨ੍ਹਾਂ ਨੂੰ ਸੰਚਾਲਨ ਨਿਰਦੇਸ਼ਕ, ਸ਼੍ਰੀਲੰਕਾ ਕ੍ਰਿਕਟ (ਐੱਸਐੱਲਸੀ) ਦੇ ਰੂਪ ’ਚ ਅਹੁਦਾ ਦਿੱਤਾ ਗਿਆ ਸੀ।

Posted By: Ramanjit Kaur