ਨਵੀਂ ਦਿੱਲੀ (ਪੀਟੀਆਈ) : ਸਚਿਨ ਤੇਂਦੁਲਕਰ ਨੂੰ ਦੁਨੀਆ ਦੇ ਆਲ ਟਾਈਮ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਪਰ ਕੁਝ ਅਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਨੂੰ ਸਚਿਨ ਵੀ ਹਾਸਲ ਨਹੀਂ ਕਰ ਸਕੇ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਮੁਤਾਬਕ ਸਚਿਨ ਬੇਰਹਿਮ ਬੱਲੇਬਾਜ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਸਚਿਨ ਇੰਨੇ ਬੇਰਹਿਮ ਨਹੀਂ ਸਨ ਕਿ ਉਹ ਆਪਣੇ ਸੈਂਕੜੇ ਨੂੰ 200 ਜਾਂ 300 'ਚ ਬਦਲ ਸਕਣ।

ਸਚਿਨ ਤੇਂਦੁਲਕਰ ਦੇ ਨਾਂ ਮਰਵਨ ਅਟਾਪੱਟੂ (ਸ੍ਰੀਲੰਕਾ), ਵਰਿੰਦਰ ਸਹਿਵਾਗ (ਭਾਰਤ), ਜਾਵੇਦ ਮੀਆਂਦਾਦ (ਪਾਕਿਸਤਾਨ), ਯੂਨਸ ਖ਼ਾਨ (ਪਾਕਿਸਤਾਨ) ਤੇ ਰਿੱਕੀ ਪੋਂਟਿੰਗ (ਆਸਟ੍ਰੇਲੀਆ) ਵਾਂਗ ਹੀ ਟੈਸਟ ਕ੍ਰਿਕਟ ਵਿਚ ਛੇ ਦੋਹਰੇ ਸੈਂਕੜੇ ਹਨ। ਸਰ ਡਾਨ ਬਰੈਡਮੈਨ (ਆਸਟ੍ਰੇਲੀਆ) ਇਸ ਸੂਚੀ ਵਿਚ ਸਭ ਤੋਂ ਉੱਪਰ ਹਨ ਜਿਨ੍ਹਾਂ ਦੇ ਨਾਂ 12 ਦੋਹਰੇ ਸੈਂਕੜੇ ਹਨ।

ਸਾਬਕਾ ਭਾਰਤੀ ਬੱਲੇਬਾਜ਼ ਤੇ ਮਹਿਲਾ ਟੀਮ ਦੇ ਮੌਜੂਦਾ ਕੋਚ ਡਬਲਯੂਵੀ ਰਮਨ ਨਾਲ ਗੱਲਬਾਤ ਵਿਚ ਕਪਿਲ ਨੇ ਕਿਹਾ ਕਿ ਸਚਿਨ ਕੋਲ ਜਿੰਨੀ ਯੋਗਤਾ ਸੀ ਓਨੀ ਮੈਂ ਕਿਸੇ ਹੋਰ ਵਿਚ ਨਹੀਂ ਦੇਖੀ। ਉਹ ਜਾਣਦੇ ਸਨ ਕਿ ਸੈਂਕੜਾ ਕਿਵੇਂ ਲਾਉਣਾ ਹੈ ਪਰ ਉਹ ਕਦੀ ਬੇਰਹਿਮ ਬੱਲੇਬਾਜ਼ ਨਹੀਂ ਬਣੇ। ਸਚਿਨ ਕੋਲ ਕ੍ਰਿਕਟ ਵਿਚ ਸਭ ਕੁਝ ਸੀ। ਉਹ ਸੈਂਕੜਾ ਬਣਾਉਣਾ ਜਾਣਦੇ ਸਨ ਪਰ ਉਸ ਸੈਂਕੜੇ ਨੂੰ ਦੋਹਰੇ ਜਾਂ ਤੀਹਰੇ ਸੈਂਕੜੇ ਵਿਚ ਬਦਲਣਾ ਉਨ੍ਹਾਂ ਨੂੰ ਨਹੀਂ ਆਉਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਚਿਨ ਨੂੰ ਘੱਟੋ ਘੱਟ ਤਿੰਨ ਤੀਹਰੇ ਤੇ 10 ਦੋਹਰੇ ਸੈਂਕੜੇ ਲਾਉਣੇ ਚਾਹੀਦੇ ਸਨ ਕਿਉਂਕਿ ਉਹ ਤੇਜ਼ ਗੇਂਦਬਾਜ਼ ਤੇ ਸਪਿੰਨਰ ਦੋਵਾਂ ਨੂੰ ਹਰ ਓਵਰ ਵਿਚ ਚੌਕਾ ਲਾ ਸਕਦੇ ਸਨ।

ਸਚਿਨ ਨੇ 200 ਟੈਸਟ ਮੈਚ ਖੇਡੇ ਤੇ 15921 ਦੌੜਾਂ ਬਣਾਈਆਂ। ਉਨ੍ਹਾਂ ਦੀ ਬੱਲੇਬਾਜ਼ੀ ਔਸਤ 53.78 ਦੀ ਸੀ। ਟੈਸਟ ਕ੍ਰਿਕਟ ਵਿਚ 51 ਸੈਂਕੜੇ ਲਾਉਣ ਵਾਲੇ ਸਚਿਨ ਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਲਾਉਣ ਵਿਚ 10 ਸਾਲ ਦਾ ਸਮਾਂ ਲਿਆ। ਨਿਊਜ਼ੀਲੈਂਡ ਖ਼ਿਲਾਫ਼ ਅਹਿਮਦਾਬਾਦ ਵਿਚ 217 ਦੌੜਾਂ ਬਣਾ ਕੇ ਉਨ੍ਹਾਂ ਨੇ ਆਪਣਾ ਪਹਿਲਾ ਦੋਹਰਾ ਸੈਂਕੜਾ ਲਾਇਆ।

ਸੈਂਕੜੇ ਤੋਂ ਬਾਅਦ ਇਕ-ਇਕ ਦੌੜ ਲੈਣ ਦੀ ਨੀਤੀ ਨੂੰ ਦੱਸਿਆ ਗ਼ਲਤ

ਸਚਿਨ ਦੇ ਟੀਮ ਦੇ ਸਾਥੀ ਖਿਡਾਰੀ ਤੇ ਭਾਰਤੀ ਟੀਮ ਦੇ ਕੋਚ ਰਹੇ ਕਪਿਲ ਦੇਵ ਨੂੰ ਲਗਦਾ ਹੈ ਕਿ ਵੱਡਾ ਸਕੋਰ ਨਾ ਬਣਾ ਸਕਣ ਦੀਆਂ ਜੜ੍ਹਾਂ ਸਚਿਨ ਦੀ ਮੁੰਬਈ ਸਕੂਲ ਆਫ ਬੈਟਿੰਗ ਵਿਚ ਹਨ। ਕਪਿਲ ਨੇ ਕਿਹਾ ਕਿ ਸਚਿਨ ਨੂੰ ਸੈਂਕੜਾ ਬਣਾਉਣ ਤੋਂ ਬਾਅਦ ਬੇਰਹਿਮ ਵਤੀਰਾ ਅਪਣਾਉਂਦੇ ਹੋਏ ਗੇਂਦਬਾਜ਼ਾਂ 'ਤੇ ਹਮਲਾ ਕਰ ਦੇਣਾ ਚਾਹੀਦਾ ਸੀ।

ਉਨ੍ਹਾਂ ਨੇ ਇਸ ਦੇ ਬਿਲਕੁਲ ਉਲਟ ਕੀਤਾ ਤੇ ਸੈਂਕੜਾ ਬਣਾਉਣ ਤੋਂ ਬਾਅਦ ਉਹ ਇਕ ਇਕ ਦੌੜ ਲੈਣਾ ਸ਼ੁਰੂ ਕਰ ਦਿੰਦੇ ਸਨ। ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਸੱਤ ਦੋਹਰੇ ਸੈਂਕੜੇ ਹਨ। ਉਹ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਾਉਣ ਵਾਲੇ ਭਾਰਤੀ ਬੱਲੇਬਾਜ਼ ਹਨ। ਤੀਹਰੇ ਸੈਂਕੜੇ ਦੀ ਗੱਲ ਕਰੀਏ ਤਾਂ ਭਾਰਤ ਦੇ ਸਿਰਫ਼ ਦੋ ਹੀ ਬੱਲੇਬਾਜ਼ ਅਜਿਹਾ ਕਰ ਸਕੇ ਹਨ। ਵਰਿੰਦਰ ਸਹਿਵਾਗ ਨੇ ਦੋ ਵਾਰ ਤੇ ਕਰੁਣ ਨਾਇਰ ਨੇ ਕਿ ਵਾਰ ਅਜਿਹਾ ਕੀਤਾ ਹੈ।