ਨਵੀਂ ਦਿੱਲੀ (ਜੇਐੱਨਐੱਨ) : ਸ੍ਰੀਲੰਕਾ ਦੀ ਟੀਮ ਆਪਣੇ ਤੈਅ ਸਮੇਂ ਮੁਤਾਬਕ ਪਾਕਿਸਤਾਨ ਦੌਰੇ 'ਤੇ ਜਾਵੇਗੀ ਤੇ ਇਸ ਲਈ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਵਨ ਡੇ ਤੇ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੌਰੇ ਲਈ ਵਨ ਡੇ ਟੀਮ ਦੀ ਕਪਤਾਨੀ ਲਾਹਿਰੂ ਥਿਰੀਮਾਨੇ ਜਦਕਿ ਟੀ-20 ਟੀਮ ਦੀ ਕਮਾਨ ਦਸੁਨ ਸ਼ਨਾਕਾ ਨੂੰ ਦਿੱਤੀ ਗਈ ਹੈ। ਇਸ ਦੌਰੇ 'ਤੇ ਸ੍ਰੀਲੰਕਾ ਦੀ ਟੀਮ ਨੂੰ ਪਾਕਿਸਤਾਨ ਖ਼ਿਲਾਫ਼ ਤਿੰਨ-ਤਿੰਨ ਮੈਚਾਂ ਦੀ ਵਨ ਡੇ ਤੇ ਟੀ-20 ਸੀਰੀਜ਼ ਖੇਡਣੀ ਹੈ। ਇਸ ਦੌਰੇ 'ਤੇ ਪਹਿਲਾਂ ਟੀ-20 ਮੁਕਾਬਲੇ ਖੇਡੇ ਜਾਣਗੇ ਜਿਸ ਦੀ ਸ਼ੁਰੂਆਤ 27 ਸਤੰਬਰ ਤੋਂ ਹੋਵੇਗੀ। ਪਾਕਿਸਤਾਨ ਦੇ ਇਸ ਦੌਰੇ ਲਈ ਚੁਣੀ ਗਈ ਟੀਮ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ ਕਿਉਂਕਿ ਟੀਮ ਦੇ 10 ਅਹਿਮ ਖਿਡਾਰੀਆਂ ਨੇ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਟੀ-20 ਟੀਮ ਵਿਚ ਵਨ ਡੇ ਦੇ ਕਪਤਾਨ ਲਾਹਿਰੂ ਥਿਰੀਮਾਨੇ ਨੂੰ ਨਹੀਂ ਚੁਣਿਆ ਗਿਆ ਹੈ। ਉਨ੍ਹਾਂ ਦੀ ਥਾਂ ਇਸ ਟੀਮ ਵਿਚ ਭਾਨੁਕਾ ਰਾਜਪਕਸ਼ਾ ਨੂੰ ਮੌਕਾ ਦਿੱਤਾ ਗਿਆ ਹੈ। ਅਵਿਸ਼ਕਾ ਫਰਨਾਂਡੋ, ਸਦੀਰਾ ਸਮਾਰਾਵਿਕ੍ਰਮਾ ਤੇ ਓਸ਼ਾਦ ਫਰਨਾਂਡੋ ਨੂੰ ਪਾਕਿਸਤਾਨ ਦੌਰੇ ਲਈ ਟੀਮ ਵਿਚ ਥਾਂ ਦਿੱਤੀ ਗਈ ਹੈ। ਪਾਕਿਸਤਾਨ ਦੌਰੇ 'ਤੇ ਜਾਣ ਲਈ ਸ੍ਰੀਲੰਕਾ ਦੇ ਕਈ ਦਿੱਗਜ ਖਿਡਾਰੀਆਂ ਨੇ ਮਨ੍ਹਾ ਕਰ ਦਿੱਤਾ ਸੀ। ਇਸ ਵਿਚ ਟੀ-20 ਟੀਮ ਦੇ ਕਪਤਾਨ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਟੀਮ ਦੇ ਤਜਰਬੇਕਾਰ ਹਰਫ਼ਨਮੌਲਾ ਏਂਜੇਲੋ ਮੈਥਿਊਜ਼ ਨੇ ਵੀ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਨਿਰੋਸ਼ਨ ਡਿਕਵੇਲਾ, ਕੁਸ਼ਲ ਪਰੇਰਾ, ਧਨੰਜੇ ਡਿਸਿਲਵਾ, ਤਿਸ਼ਾਰਾ ਪਰੇਰਾ, ਅਕੀਲਾ ਧਨੰਜੇ, ਸੁਰੰਗਾ ਲਕਮਲ, ਦਿਨੇਸ਼ ਚਾਂਦੀਮਲ ਤੇ ਦਿਮੁਥ ਕਰੁਣਾਰਤਨੇ ਨੇ ਵੀ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਕੀਤਾ ਸੀ।

ਸ੍ਰੀਲੰਕਾ ਦੀ ਵਨ ਡੇ ਟੀਮ :

ਲਾਹਿਰੂ ਥਿਰੀਮਾਨੇ (ਕਪਤਾਨ), ਸਦੀਰਾ ਸਮਾਰਾਵਿਕ੍ਰਮਾ, ਅਵਿਸ਼ਕਾ ਫਰਨਾਂਡੋ, ਓਸ਼ਾਦ ਫਰਨਾਂਡੋ, ਸ਼ੇਹਾਨ ਜੈਸੂਰਿਆ, ਏਂਜੇਲੋ ਪਰੇਰਾ, ਮਿਨੋਦ ਭਾਨੁਕਾ, ਵਾਨਿੰਦੁ ਹਸਾਰੰਗਾ, ਲਕਸ਼ਨ ਸੰਦਾਕਨ, ਨੁਆਨ ਪ੍ਰਦੀਪ, ਕਸੁਨ ਰਜੀਤਾ, ਲਾਹਿਰੂ ਕੁਮਾਰਾ, ਇਸੁਰੂ ਉਦਾਨਾ।

ਸ੍ਰੀਲੰਕਾ ਦੀ ਟੀ-20 ਟੀਮ :

ਦਸੁਨ ਸ਼ਨਾਕਾ (ਕਪਤਾਨ), ਸਦੀਰਾ ਸਮਾਰਾਵਿਕ੍ਰਮਾ, ਅਵਿਸ਼ਕਾ ਫਰਨਾਂਡੋ, ਓਸ਼ਾਦਾ ਫਰਨਾਂਡੋ, ਸ਼ੇਹਾਨ ਜੈਸੂਰਿਆ, ਏਂਜੇਲੋ ਪਰੇਰਾ, ਮਿਨੋਦ ਭਾਨੁਕਾ, ਵਾਨਿੰਦੁ ਹਸਾਰੰਗਾ, ਲਕਸ਼ਨ ਸੰਦਾਕਨ, ਨੁਆਨ ਪ੍ਰਦੀਪ, ਕਸੁਰ ਰਜੀਤਾ, ਲਾਹਿਰੂ ਕੁਮਾਰਾ, ਇਸੁਰੂ ਉਦਾਨਾ, ਤੇ ਭਾਨੁਕਾ ਰਾਜਪਕਸ਼ਾ।