ਵੇਲਿੰਗਟਨ (ਪੀਟੀਆਈ) : ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਤਿੰਨ ਟੀ-20 ਤੇ ਇੰਨੇ ਹੀ ਵਨ ਡੇ ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੀਰੀਜ਼ ਇਸ ਸਾਲ 18 ਤੋਂ 30 ਨਵੰਬਰ ਵਿਚਾਲੇ ਖੇਡੀ ਜਾਵੇਗੀ। ਇਸ ਤੋਂ ਬਾਅਦ ਅਗਲੇ ਸਾਲ ਜਨਵਰੀ ਵਿਚ ਨਿਊਜ਼ੀਲੈਂਡ ਦੀ ਟੀਮ ਸੀਮਤ ਓਵਰਾਂ ਦੀ ਸੀਰੀਜ਼ ਲਈ ਭਾਰਤ ਆਏਗੀ। ਐੱਨਜ਼ੈੱਡਸੀ ਨੇ ਕਿਹਾ ਕਿ ਭਾਰਤ ਵਿਸ਼ਵ ਕੱਪ ਦੇ ਖ਼ਤਮ ਹੋਣ ਤੋਂ ਬਾਅਦ ਬਲੈਕ ਕੈਪਸ (ਨਿਊਜ਼ੀਲੈਂਡ ਦੀ ਮਰਦ ਕ੍ਰਿਕਟ ਟੀਮ ਦਾ ਪ੍ਰਸਿੱਧ ਨਾਂ) ਦੇ ਵਿਰੁੱਧ ਵੇਲਿੰਗਟਨ, ਤੌਰੰਗਾ ਤੇ ਨੇਪੀਅਰ ਵਿਚ ਤਿੰਨ ਟੀ-20 ਅਤੇ ਆਕਲੈਂਡ ਵਿਚ ਤਿੰਨ ਵਨ ਡੇ ਮੈਚ ਖੇਡਣ ਲਈ ਨਿਊਜ਼ੀਲੈਂਡ ਆਏਗਾ। ਬਲੈਕ ਕੈਪਸ ਇਸ ਤੋਂ ਬਾਅਦ ਪਾਕਿਸਤਾਨ ਦੌਰੇ ਤੇ ਭਾਰਤ ਵਿਚ ਛੋਟੀ ਸੀਰੀਜ਼ ਲਈ ਉਪ ਮਹਾਦੀਪੀ ਦੌਰੇ 'ਤੇ ਜਾਣਗੇ ਤੇ ਫਿਰ ਫਰਵਰੀ ਦੀ ਸ਼ੁਰੂਆਤ ਵਿਚ ਟੀਮ ਵਾਪਸ ਦੇਸ਼ ਮੁੜੇਗੀ ਤੇ ਤੌਰੰਗਾ (ਡੇ-ਨਾਈਟ) ਤੇ ਵੇਲਿੰਗਟਨ 'ਚ ਇੰਗਲੈਂਡ ਖ਼ਿਲਾਫ਼ ਦੋ ਟੈਸਟ ਦੀ ਤਿਆਰੀ ਕਰੇਗੀ।

ਭਾਰਤ ਸ਼ੁੱਕਰਵਾਰ ਤੋਂ ਇੰਗਲੈਂਡ ਖ਼ਿਲਾਫ਼ ਪੰਜਵਾਂ ਟੈਸਟ ਖੇਡੇਗਾ, ਜੋ ਪਿਛਲੇ ਸਾਲ ਕਰਵਾਈ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਬਚਿਆ ਹੋਇਆ ਇਕ ਟੈਸਟ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ ਤਿੰਨ ਟੀ-20 ਤੇ ਇੰਨੇ ਹੀ ਵਨ ਡੇ ਮੈਚਾਂ ਦੀ ਸੀਰੀਜ਼ ਹੋਵੇਗੀ। ਭਾਰਤੀ ਟੀਮ ਇਸ ਤੋਂ ਬਾਅਦ ਤਿੰਨ ਵਨ ਡੇ ਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਲਈ ਜੁਲਾਈ-ਅਗਸਤ ਵਿਚ ਵੈਸਟਇੰਡੀਜ਼ ਦਾ ਦੌਰਾ ਕਰੇਗੀ ਜੋ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹੋਵੇਗਾ।

ਰੁੱਝੇ ਹੋਏ ਅੰਤਰਰਾਸ਼ਟਰੀ ਪ੍ਰਰੋਗਰਾਮ ਵਿਚਾਲੇ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖ਼ਿਲਾਫ਼ ਡੇ-ਨਾਈਟ ਟੈਸਟ ਵੀ ਖੇਡੇਗੀ ਜਦਕਿ 2023-23 ਦੇ ਘਰੇਲੂ ਸੈਸ਼ਨ ਵਿਚ ਛੇ ਟੀਮਾਂ ਦੇਸ਼ ਦਾ ਦੌਰਾ ਕਰਨਗੀਆਂ। ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਇੰਗਲੈਂਡ ਤੇ ਸ੍ਰੀਲੰਕਾ ਦੀ ਮਰਦ ਟੀਮ ਤੇ ਬੰਗਲਾਦੇਸ਼ ਦੀ ਮਹਿਲਾ ਟੀਮ ਨਿਊਜ਼ੀਲੈਂਡ ਦਾ ਦੌਰਾ ਕਰਨਗੀਆਂ। ਨਿਊਜ਼ੀਲੈਂਡ ਦੀ ਮਹਿਲਾ ਟੀਮ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਜਾਵੇਗੀ ਤੇ ਉਥੋਂ ਮੁੜਨ ਤੋਂ ਬਾਅਦ ਟੀ-20 ਤੇ ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗੀ। ਇਸ ਤੋਂ ਬਾਅਦ ਟੀਮ ਜਨਵਰੀ ਵਿਚ ਦੱਖਣੀ ਅਫਰੀਕਾ ਰਵਾਨਾ ਹੋਵੇਗੀ ਜਿੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ।

Posted By: Gurinder Singh