ਨਵੀਂ ਦਿੱਲੀ, ਸਪੋਰਟਸ ਡੈਸਕ : IPL ਤੋਂ ਬਾਅਦ ਟੀਮ ਇੰਡੀਆ ਅਫਗਾਨਿਸਤਾਨ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਹਾਲਾਂਕਿ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ।ਕੁਝ ਦਿਨ ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਸੀਰੀਜ਼ ਰੱਦ ਹੋ ਸਕਦੀ ਹੈ। ਇਸ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਖੇਡਣ ਤੋਂ ਇਲਾਵਾ ਟੀ-20 ਵਿਸ਼ਵ ਕੱਪ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਵੀ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ। ਹਾਲਾਂਕਿ ਬੀਸੀਸੀਆਈ ਨੇ ਪੁਸ਼ਟੀ ਕੀਤੀ ਹੈ ਕਿ ਟੀਮ ਇੰਡੀਆ ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ ਖੇਡਣ ਲਈ ਤਿਆਰ ਹੈ।
ਅਨੁਭਵੀ ਖਿਡਾਰੀਆਂ ਨੂੰ ਮਿਲੇਗਾ ਆਰਾਮ
ਇਸ ਸੀਰੀਜ਼ 'ਚ ਟੀਮ ਇੰਡੀਆ ਦੇ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਿਕ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਸਮੇਤ ਚੋਟੀ ਦੇ ਭਾਰਤੀ ਕ੍ਰਿਕਟਰਾਂ ਨੂੰ ਅਫਗਾਨਿਸਤਾਨ ਖਿਲਾਫ ਘਰੇਲੂ ਮੈਦਾਨ 'ਤੇ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ ਟੀਮ ਇੰਡੀਆ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਹਾਰਦਿਕ ਪਾਂਡਿਆ ਨੂੰ ਦਿੱਤੀ ਜਾ ਸਕਦੀ ਹੈ।
ਨੌਜਵਾਨ ਖਿਡਾਰੀਆਂ ਨੂੰ ਮਿਲੇਗਾ ਮੌਕਾ
ਜ਼ਿਕਰਯੋਗ ਹੈ ਕਿ IPL 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਸਵੀ ਜੈਸਵਾਲ, ਤਿਲਕ ਵਰਮਾ ਅਤੇ ਰੁਤੂਰਾਜ ਗਾਇਕਵਾੜ ਵਰਗੇ ਖਿਡਾਰੀਆਂ ਨੂੰ ਅਫਗਾਨਿਸਤਾਨ ਖਿਲਾਫ ਟੀਮ ਇੰਡੀਆ 'ਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
Posted By: Harjinder Sodhi