ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਡਰਹਮ ਵਿਚ ਰਿਵਰਸਾਈਡ ਮੈਦਾਨ 'ਤੇ ਦੋ ਮੈਚ ਖੇਡੇਗੀ ਜੋ ਇੰਟਰਾ-ਸਕੁਆਇਡ (ਟੀਮ ਦੇ ਅੰਦਰ ਹੀ ਦੋ ਟੀਮਾਂ ਬਣਾ ਕੇ) ਮੈਚ ਹੋਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਵਿਰਾਟ ਕੋਹਲੀ ਦੇ ਖਿਡਾਰੀਆਂ ਨੂੰ ਕਾਊਂਟੀ ਟੀਮਾਂ ਖ਼ਿਲਾਫ਼ ਕੋਈ ਵੀ ਪਹਿਲਾ ਦਰਜਾ ਅਭਿਆਸ ਮੈਚ ਮਿਲਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਕਪਤਾਨ ਕੋਹਲੀ ਚਾਰ ਅਗਸਤ ਤੋਂ ਨਾਟਿੰਘਮ ਵਿਚ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਕੋਈ ਵੀ ਪਹਿਲਾ ਦਰਜਾ ਮੈਚ ਨਾ ਮਿਲਣ 'ਤੇ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ।

ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਬੁਲਾਰੇ ਨੇ ਕਿਹਾ ਕਿ ਕੋਵਿਡ-19 ਪ੍ਰਰੋਟੋਕਾਲ ਮੁਤਾਬਕ ਉਹ ਅਗਸਤ 'ਚ ਪਹਿਲੇ ਟੈਸਟ ਤੋਂ ਪਹਿਲਾਂ ਆਪਣੇ ਖਿਡਾਰੀਆਂ ਦੀਆਂ ਦੋ ਟੀਮਾਂ ਬਣਾ ਕੇ ਚਾਰ ਦਿਨਾ ਦੋ ਮੈਚ ਖੇਡਣਗੇ। ਬੀਸੀਸੀਆਈ ਨੇ ਈਸੀਬੀ ਨੂੰ ਕੁਝ ਅਭਿਆਸ ਮੈਚ ਕਰਵਾਉਣ ਦੀ ਬੇਨਤੀ ਕੀਤੀ ਸੀ ਪਰ ਕੋਵਿਡ-19 ਹਾਲਾਤ ਕਾਰਨ ਅਜਿਹੀ ਯੋਜਨਾ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ। ਇਹ ਪੁੱਛਣ 'ਤੇ ਕਿ ਕਾਊਂਟੀ ਟੀਮਾਂ ਖ਼ਿਲਾਫ਼ ਕੋਈ ਮੈਚ ਕਰਵਾਉਣ ਦੀ ਸੰਭਾਵਨਾ ਹੈ ਤਾਂ ਬੁਲਾਰੇ ਨੇ ਸਪੱਸ਼ਟ ਇਨਕਾਰ ਕਰ ਦਿੱਤਾ। ਇੰਗਲੈਂਡ ਦੀਆਂ ਵੱਖ-ਵੱਖ ਕਾਊਂਟੀ ਟੀਮਾਂ ਦੇ ਖਿਡਾਰੀਆਂ ਦਾ ਰੈਗੂਲਰ ਤੌਰ 'ਤੇ ਕੋਵਿਡ-19 ਟੈਸਟ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕਿਸੇ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਵਿਚ ਨਹੀਂ ਰੱਖਿਆ ਗਿਆ ਹੈ। ਭਾਰਤੀ ਟੀਮ 14 ਜੁਲਾਈ ਨੂੰ ਲੰਡਨ ਵਿਚ ਇਕੱਠੀ ਹੋਵੇਗੀ ਤੇ ਡਰਹਮ ਰਵਾਨਾ ਹੋਵੇਗੀ ਜਿਸ ਤੋਂ ਬਾਅਦ ਮੁੜ ਬਾਇਓ-ਬਬਲ ਵਿਚ ਰਹੇਗੀ।

ਭਾਰਤੀ ਟੀਮ 'ਚ ਸ਼ਾਮਲ ਹਨ 24 ਕ੍ਰਿਕਟ ਖਿਡਾਰੀ

ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਇੰਗਲੈਂਡ ਵਿਚ ਘਰੇਲੂ ਖਿਡਾਰੀ ਬਾਇਓ ਬਬਲ ਵਿਚ ਨਹੀਂ ਹਨ, ਇਹ ਯਕੀਨੀ ਤੌਰ 'ਤੇ ਇਕ ਮੁੱਦਾ ਹੈ। ਇਸ ਲਈ ਡਰਹਮ ਵਿਚ ਇੰਟਰਾ-ਸਕੁਆਇਡ ਮੈਚ ਹੀ ਖੇਡੇ ਜਾਣਗੇ। ਭਾਰਤੀ ਟੀਮ ਇਸ ਸਮੇਂ 24 ਖਿਡਾਰੀਆਂ (20 ਅਧਿਕਾਰਕ ਟੀਮ ਦੇ ਖਿਡਾਰੀ ਤੇ ਚਾਰ ਰਿਜ਼ਰਵ) ਦੇ ਨਾਲ ਹੈ ਜਿਸ ਨਾਲ ਉਹ ਇੰਟਰਾ-ਸਕੁਆਇਡ ਮੈਚ ਖੇਡ ਸਕਦੀ ਹੈ।

ਅਜਿਹੇ ਇੰਟਰਾ-ਸਕੁਆਇਡ ਮੈਚਾਂ ਨਾਲ ਟੀਮ ਕਿਸ ਤਰ੍ਹਾਂ ਤਿਆਰੀ ਕਰ ਸਕਦੀ ਹੈ। ਬੀਤੇ ਸਮੇਂ ਦੌਰਾਨ ਦੌਰਾ ਕਰਨ ਵਾਲੀਆਂ ਟੀਮਾਂ ਕਾਊਂਟੀ ਟੀਮਾਂ ਨਾਲ ਕਈ ਪਹਿਲਾ ਦਰਜਾ ਮੈਚ ਖੇਡਦੀਆਂ ਸਨ। ਇੰਟਰਾ-ਸਕੁਆਇਡ ਮੈਚਾਂ ਵਿਚ ਇਕ ਖਿਡਾਰੀ ਜੇ ਜਲਦ ਆਊਟ ਹੋ ਜਾਂਦਾ ਹੈ ਤਾਂ ਉਹ ਮੁੜ ਬੱਲੇਬਾਜ਼ੀ ਕਰ ਸਕਦਾ ਹੈ ਪਰ ਇਕ ਸਹੀ ਪਹਿਲਾ ਦਰਜਾ ਮੈਚ ਵਿਚ ਅਜਿਹਾ ਨਹੀਂ ਹੋ ਸਕਦਾ।

-ਸੁਨੀਲ ਗਾਵਸਕਰ, ਸਾਬਕਾ ਭਾਰਤੀ ਕਪਤਾਨ