ਦੁਬਈ (ਪੀਟੀਆਈ) : ਟੀ-20 ਵਿਸ਼ਵ ਕੱਪ ਵਿਚ ਟੀਮ ਦੀ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਇੰਗਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਅਭਿਆਸ ਮੈਚ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਨਜ਼ਰਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ ਲੈਅ ਤੇ ਬੱਲੇਬਾਜ਼ੀ ਕ੍ਰਮ ਨੂੰ ਸਹੀ ਕਰਨ 'ਤੇ ਹੋਣਗੀਆਂ। ਭਾਰਤੀ ਟੀਮ ਨੇ ਸੋਮਵਾਰ ਨੂੰ ਇੰਗਲੈਂਡ ਤੋਂ ਬਾਅਦ ਬੁੱਧਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਅਭਿਆਸ ਮੈਚ ਖੇਡਣਾ ਹੈ। ਟੀਮ ਦੇ ਸਾਰੇ ਖਿਡਾਰੀ ਪਿਛਲੇ ਦਿਨੀਂ ਖ਼ਤਮ ਹੋਏ ਆਈਪੀਐੱਲ ਦਾ ਹਿੱਸਾ ਸਨ। ਇਸ ਕਾਰਨ ਕੋਹਲੀ ਦੇ ਖਿਡਾਰੀਆਂ ਲਈ ਮੈਚ ਅਭਿਆਸ ਕੋਈ ਮੁਸ਼ਕਲ ਨਹੀਂ ਹੈ ਪਰ 24 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਟੂਰਨਾਮੈਂਟ ਵਿਚ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਕੋਸ਼ਿਸ਼ ਸਹੀ ਬੱਲੇਬਾਜ਼ੀ ਕ੍ਰਮ ਬਣਾਉਣ ਦੀ ਹੋਵੇਗੀ। ਇੰਗਲੈਂਡ ਤੇ ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਟੀਮ ਮੈਨੇਜਮੈਂਟ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੇਗੀ ਜਿਨ੍ਹਾਂ ਦੀ ਥਾਂ ਆਖ਼ਰੀ ਇਲੈਵਨ ਵਿਚ ਪੱਕੀ ਨਹੀਂ ਹੈ। ਇਸ ਕਾਰਨ ਖਿਡਾਰੀਆਂ ਨੂੰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਲਈ ਹੋਰ ਵੱਧ ਮੌਕੇ ਦੇਣ ਦੀ ਕੋਸ਼ਿਸ਼ ਹੋਵੇਗੀ ਤਾਂਕਿ ਉਨ੍ਹਾਂ ਦੀ ਮੌਜੂਦਾ ਲੈਅ ਬਾਰੇ ਬਿਹਤਰ ਜਾਣਕਾਰੀ ਮਿਲ ਸਕੇ।

ਸਲਾਮੀ ਬੱਲੇਬਾਜ਼ ਵਜੋਂ ਉੱਪ-ਕਪਤਾਨ ਰੋਹਿਤ ਸ਼ਰਮਾ ਦਾ ਸਥਾਨ ਪੱਕਾ ਹੈ ਜਦਕਿ ਉਨ੍ਹਾਂ ਦੇ ਸਾਥੀ ਵਜੋਂ ਇਸ਼ਾਨ ਕਿਸ਼ਨ ਤੇ ਲੋਕੇਸ਼ ਰਾਹੁਲ ਵਿਚਾਲਿਓਂ ਕਿਸੇ ਇਕ ਨੂੰ ਚੁਣਨਾ ਪਵੇਗਾ। ਇਨ੍ਹਾਂ ਅਭਿਆਸ ਮੈਚਾਂ ਵਿਚ ਇਨ੍ਹਾਂ ਦੋਵਾਂ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ ਤਾਂਕਿ ਇਹ ਦੇਖਿਆ ਜਾ ਸਕੇ ਕਿ ਕੌਣ ਬਿਹਤਰ ਲੈਅ ਵਿਚ ਹੈ। ਰਾਹੁਲ ਹਾਲਾਂਕਿ ਇਸ ਲਈ ਵੱਡੇ ਦਾਅਵੇਦਾਰ ਹੋਣਗੇ ਕਿਉਂਕਿ ਉਨ੍ਹਾਂ ਕੋਲ ਦਬਾਅ ਦੇ ਮੈਚ ਖੇਡਣ ਦਾ ਤਜਰਬਾ ਹੈ। ਉਨ੍ਹਾਂ ਨੇ ਆਈਪੀਐੱਲ ਦੇ 14ਵੇਂ ਸੈਸ਼ਨ ਵਿਚ 138.80 ਦੇ ਸਟ੍ਰਾਈਕ ਰੇਟ ਨਾਲ 626 ਦੌੜਾਂ (30 ਛੱਕਿਆਂ ਨਾਲ) ਬਣਾਈਆਂ ਹਨ। ਕਿਸ਼ਨ ਨੇ ਵੀ ਆਈਪੀਐੱਲ ਵਿਚ ਮੁੰਬਈ ਇੰਡੀਅਨਜ਼ ਦੇ ਆਖ਼ਰੀ ਦੋ ਮੈਚਾਂ ਵਿਚ ਲਗਾਤਾਰ ਤੇਜ਼ ਅਰਧ ਸੈਂਕੜੇ ਲਾ ਕੇ ਲੈਅ ਵਿਚ ਆਉਣ ਦੇ ਸੰਕੇਤ ਦਿੱਤੇ ਸਨ। ਰਾਹੁਲ ਜੇ ਪਾਰੀ ਦੀ ਸ਼ੁਰੂਆਤ ਕਰਦੇ ਹਨ ਤਾਂ ਕਿਸ਼ਨ ਮੱਧ ਕ੍ਰਮ ਵਿਚ ਛੇਵੇਂ ਸਥਾਨ 'ਤੇ ਹਾਰਦਿਕ ਨੂੰ ਸਖ਼ਤ ਟੱਕਰ ਦੇਣਗੇ। ਹਾਰਦਿਕ ਦੀ ਗੇਂਦਬਾਜ਼ੀ ਵੀ ਇਕ ਵੱਡਾ ਮੁੱਦਾ ਹੋਵੇਗਾ। ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਉਹ ਗੇਂਦਬਾਜ਼ੀ ਕਰਨਗੇ। ਇਸ ਕਾਰਨ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਜੇ ਉਹ ਟੀਮ ਦਾ ਹਿੱਸਾ ਹਨ ਤਾਂ ਵਿਕਟਕੀਪਰ ਰਿਸ਼ਭ ਪੰਤ ਤੋਂ ਪਹਿਲਾਂ ਬੱਲੇਬਾਜ਼ੀ ਕਰਨਗੇ ਜਾਂ ਬਾਅਦ ਵਿਚ। ਸਪਿੰਨ ਗੇਂਦਬਾਜ਼ੀ ਵਿਭਾਗ ਵਿਚ ਰਵਿੰਦਰ ਜਡੇਜਾ ਦਾ ਟੀਮ ਵਿਚ ਸਥਾਨ ਪੱਕਾ ਹੈ। ਜੇ ਵਰੁਣ ਚੱਕਰਵਰਤੀ ਫਿੱਟ ਰਹਿੰਦੇ ਹਨ ਤਾਂ ਟੀਮ ਵਿਚ ਉਨ੍ਹਾਂ ਦੀ ਥਾਂ ਵੀ ਪੱਕੀ ਹੈ। ਤੀਜੇ ਸਪਿੰਨਰ ਲਈ ਲੈੱਗ ਸਪਿੰਨਰ ਰਾਹੁਲ ਚਾਹਰ ਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਵਿਚਾਲੇ ਮੁਕਾਬਲਾ ਹੋਵੇਗਾ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ( ਉੱਪ ਕਪਤਾਨ), ਲੋਕੇਸ਼ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਨ ਕਿਸ਼ਨ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਵਰੁਣ ਚੱਕਰਵਰਤੀ, ਰਾਹੁਲ ਚਾਹਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ।

ਇੰਗਲੈਂਡ : ਇਆਨ ਮਾਰਗਨ (ਕਪਤਾਨ), ਜੇਸਨ ਰਾਏ, ਸੈਮ ਬਿਲਿੰਗਜ਼, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਜੋਸ ਬਟਲਰ (ਵਿਕਟਕੀਪਰ), ਜਾਨੀ ਬੇਰਸਟੋ (ਵਿਕਟਕੀਪਰ), ਮੋਇਨ ਅਲੀ, ਟਾਮ ਕੁਰਨ, ਕ੍ਰਿਸ ਜਾਰਡਨ, ਡੇਵਿਡ ਵਿਲੀ, ਕ੍ਰਿਸ ਵੋਕਸ, ਟਾਈਮਲ ਮਿਲਜ਼, ਆਦਿਲ ਰਾਸ਼ਿਦ, ਮਾਰਕ ਵੁਡ