ਪੋਰਟ ਆਫ ਸਪੇਨ (ਪੀਟੀਆਈ) : ਵੈਸਟਇੰਡੀਜ਼ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੇ 68 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਛੇ ਵਿਕਟਾਂ ’ਤੇ 190 ਦੌੜਾਂ ਬਣਾਈਆਂ। ਜਵਾਬ ’ਚ ਵੈਸਟਇੰਡੀਜ਼ ਦੀ ਟੀਮ 8 ਵਿਕਟਾਂ ’ਤੇ 122 ਦੌੜਾਂ ਹੀ ਬਣਾ ਸਕੀ।

ਵੈਸਟਇੰਡੀਜ਼ ਵੱਲੋਂ ਸ਼ਾਮਰਾਹ ਬਰੂਕਸ 20 ਦੌੜਾਂ ਨਾਲ ਸਰਬੋਤਮ ਸਕੋਰਰ ਰਹੇ ਜਦਕਿ ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਅਰਸ਼ਦੀਪ ਸਿੰਘ, ਰਵੀਚੰਦਰਨ ਅਸ਼ਵਿਨ, ਰਵੀ ਬਿਸ਼ਨੋਈ ਨੇ ਦੋ-ਦੋ ਜਦਕਿ ਭੁਵਨੇਸ਼ਵਰ ਕੁਮਾਰ ਤੇ ਰਵਿੰਦਰ ਜਡੇਜਾ ਇਕ-ਇਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਰੋਹਿਤ (64) ਨੇ ਸੂਰਿਆ ਕੁਮਾਰ ਯਾਦਵ ਨਾਲ ਓਪਨਿੰਗ ਕੀਤੀ। ਸੂਰਿਆ 24 ਦੌੜਾਂ ਬਣਾ ਕੇ ਆਊਟ ਹੋਏ। ਸ਼੍ਰੇਅਸ ਅਈਅਰ ਬਿਨਾਂ ਦੌੜ ਬਣਾਏ ਤੁਰਦੇ ਬਣੇ। ਰਿਸ਼ਭ ਪੰਤ (14), ਹਾਰਦਿਕ ਪਾਂਡਿਆ (01), ਰਵਿੰਦਰ ਜਡੇਜਾ (16) ਵੀ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ।

ਅੰਤ ਵਿਚ ਦਿਨੇਸ਼ ਕਾਰਤਿਕ ਨੇ ਤੇਜ਼ 41 ਦੌੜਾਂ ਦੀ ਅਜੇਤੂ ਪਾਰੀ ਖੇਡੀ। ਵੈਸਟਇੰਡੀਜ਼ ਵੱਲੋਂ ਅਲਜ਼ਾਰੀ ਨੇ ਦੋ ਜਦਕਿ ਓਬੇਦ ਮੈਕਾਏ, ਜੇਸਨ ਹੋਲਡਰ, ਅਕੀਲ ਹੁਸੈਨ ਤੇ ਕੀਮੋ ਪਾਲ ਨੇ ਇਕ-ਇਕ ਵਿਕਟ ਹਾਸਲ ਕੀਤੀ। ਮੈਚ ਤੋਂ ਕੁਝ ਹੀ ਘੰਟੇ ਪਹਿਲਾਂ ਬੀਸੀਸੀਆਈ ਨੇ ਦੱਸਿਆ ਕਿ ਕੋਵਿਡ ਕਾਰਨ ਉੱਪ ਕਪਤਾਨ ਕੇਐੱਲ ਰਾਹੁਲ ਦੀ ਥਾਂ ਸੰਜੂ ਸੈਮਸਨ ਨੂੰ ਟੀਮ ਨਾਲ ਜੋੜ ਦਿੱਤਾ ਗਿਆ ਹੈ। ਹਾਲਾਂਕਿ ਸੈਮਸਨ ਨੂੰ ਪਹਿਲੇ ਟੀ-20 ਵਿਚ ਆਖ਼ਰੀ ਇਲੈਵਨ ਵਿਚ ਥਾਂ ਨਹੀਂ ਮਿਲੀ। ਹਾਰਦਿਕ ਪਾਂਡਿਆ ਹੁਣ

ਟੀ-20 ਟੀਮ ਦੇ ਉੱਪ ਕਪਤਾਨ ਹੋਣਗੇ।

Posted By: Gurinder Singh