ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦੀ ਤਿਆਰੀ 'ਚ ਲੱਗੀ ਟੀਮ ਇੰਡੀਆ ਐਤਵਾਰ ਨੂੰ ਕਟਕ 'ਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਗਏ ਲੜੀ ਦੇ ਦੂਜੇ ਟੀ-20 ਮੈਚ 'ਚ ਪਟੜੀ ਤੋਂ ਉਤਰੀ ਨਜ਼ਰ ਆਈ ਤੇ ਉਸ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਪਹਿਲਾਂ ਭਾਰਤੀ ਬੱਲੇਬਾਜ਼ ਨਹੀਂ ਚੱਲੇ ਤੇ ਬਾਅਦ 'ਚ ਭੁਵਨੇਸ਼ਵਰ ਕੁਮਾਰ ਨੂੰ ਛੱਡ ਕੇ ਬਾਕੀ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ।

ਭਾਰਤੀ ਟੀਮ 20 ਓਵਰਾਂ 'ਚ ਛੇ ਵਿਕਟਾਂ 'ਤੇ 148 ਦੌੜਾਂ ਦਾ ਮਾਮੂਲੀ ਸਕੋਰ ਬਣਾ ਸਕੀ। ਸਭ ਤੋਂ ਜ਼ਿਆਦਾ 40 ਦੌੜਾਂ ਸ਼੍ਰੇਅਸ ਅਈਅਰ ਨੇ ਬਣਾਈਆਂ ਪਰ ਇਸ ਦੇ ਲਈ ਉਸ ਨੇ 35 ਗੇਂਦਾਂ ਖੇਡੀਆਂ ਤੇ ਦੋ ਚੌਕੇ ਤੇ ਦੋ ਛੱਕੇ ਲਾਏ। ਦੱਖਣੀ ਅਫਰੀਕਾ ਵੱਲੋਂ ਐਨਰਿਕ ਨਾਰਤਜੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਾਲਾਂਕਿ ਕੈਗਿਸੋ ਰਬਾਦਾ ਨੇ ਕਿਫ਼ਾਇਤੀ ਗੇਂਦਬਾਜ਼ੀ ਕੀਤੀ ਤੇ ਚਾਰ ਓਵਰਾਂ ਦੇ ਆਪਣੇ ਕੋਟੇ 'ਚ ਸਿਰਫ਼ 15 ਦੌੜਾਂ ਦੇ ਕੇ ਇਕ ਵਿਕਟ ਲਈ।

ਜਵਾਬ 'ਚ ਦੱਖਣੀ ਅਫਰੀਕਾ ਨੇ ਹੈਨਰਿਕ ਕਲਾਸੇਨ ਦੇ ਅਰਧ ਸੈਂਕੜੇ ਦੇ ਦਮ 'ਤੇ 18.2 ਓਵਰਾਂ 'ਚ ਛੇ ਵਿਕਟਾਂ 'ਤੇ 149 ਦੌੜਾਂ ਬਣਾ ਕੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕਲਾਸੇਨ ਨੇ 46 ਗੇਂਦਾਂ 'ਤੇ ਸੱਤ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਭੁਵਨੇਸ਼ਵਰ ਨੇ 13 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਪਰ ਉਨ੍ਹਾਂ ਦਾ ਇਹ ਪ੍ਰਦਰਸ਼ਨ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਲਈ ਕਾਫੀ ਸਾਬਿਤ ਨਹੀਂ ਹੋਇਆ।

ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਨੇ ਪਾਵਰਪਲੇ 'ਚ ਹੀ 29 ਦੌੜਾਂ ਤਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਭੁਵਨੇਸ਼ਵਰ ਨੇ ਆਪਣੇ ਸ਼ੁਰੂਆਤੀ ਤਿੰਨ ਓਵਰਾਂ 'ਚ ਹਰੇਕ 'ਚ ਵਿਕਟ ਲਈ। ਉਨ੍ਹਾਂ ਨੇ ਰੀਜਾ ਹੈਂਡਿ੍ਕਸ (4), ਡਵੇਨ ਪ੍ਰਰੀਟੋਰੀਅਸ (4) ਤੇ ਰਾਸੀ ਵੇਨ ਡੇਰ ਡੁਸੇਨ (1) ਨੂੰ ਸਸਤੇ 'ਚ ਆਊਟ ਕੀਤਾ। ਇੱਥੋਂ ਹੀ ਕਲਾਸੇਨ ਨੇ ਦੋ ਸ਼ਾਨਦਾਰ ਭਾਈਵਾਲੀਆਂ ਕਰ ਕੇ ਦੱਖਣੀ ਅਫਰੀਕਾ ਦੀ ਜਿੱਤ ਯਕੀਨੀ ਬਣਾ ਦਿੱਤੀ। ਕਲਾਸੇਨ ਨੇ ਪਹਿਲਾਂ ਕਪਤਾਨ ਤੇਂਬਾ ਬਾਵੁਮਾ (35) ਨਾਲ 41 ਗੇਂਦਾਂ 'ਤੇ 64 ਦੌੜਾਂ ਜੋੜੀਆਂ ਤੇ ਬਾਅਦ 'ਚ ਡੇਵਿਡ ਮਿਲਰ (ਅਜੇਤੂ 20) ਨਾਲ 28 ਗੇਂਦਾਂ 'ਤੇ 58 ਦੌੜਾਂ ਦੀ ਭਾਈਵਾਲੀ ਕੀਤੀ। ਬਾਵੁਮਾ ਨੂੰ ਯੁਜਵਿੰਦਰ ਸਿੰਘ ਚਹਿਲ ਨੇ 13ਵੇਂ ਓਵਰ 'ਚ ਆਊਟ ਕੀਤਾ ਜਦਕਿ ਕਲਾਸੇਨ ਨੂੰ ਹਰਸ਼ਲ ਪਟੇਲ ਨੇ ਪੈਵੇਲੀਅਨ ਭੇਜਿਆ।

ਇਸ ਤੋਂ ਬਾਅਦ ਇਸ਼ਾਨ ਕਿਸ਼ਨ (34) ਨੇ ਸ਼੍ਰੇਅਸ ਨਾਲ ਦੂਜੀ ਵਿਕਟ ਲਈ 35 ਗੇਂਦਾਂ 'ਚ 45 ਦੌੜਾਂ ਦੀ ਭਾਈਵਾਲੀ ਕੀਤੀ। ਇਹ ਭਾਈਵਾਲੀ ਸੱਤਵੇਂ ਓਵਰ 'ਚ ਇਸ਼ਾਨ ਦੇ ਆਊਟ ਹੋਣ ਨਾਲ ਟੁੱਟੀ। ਉਸ ਨੂੰ ਨਾਰਤਜੇ ਨੇੇ ਕੈਚ ਕੀਤਾ। ਇੱਥੋਂ ਹੀ ਸ਼੍ਰੇਅਸ ਨੇ ਪਹਿਲਾਂ ਕਪਤਾਨ ਰਿਸ਼ਭ ਪੰਤ (5) ਨਾਲ 20 ਦੌੜਾਂ ਤੇ ਫਿਰ ਹਾਰਦਿਕ ਪਾਂਡਿਆ (9) ਨਾਲ 22 ਦੌੜਾਂ ਦੀਆਂ ਦੋ ਭਾਈਵਾਲੀਆਂ ਨਿਭਾਈਆਂ। 14ਵੇਂ ਓਵਰ 'ਚ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 98 ਦੌੜਾਂ ਹੋ ਗਿਆ। ਹੇਠਲੇ ਕ੍ਰਮ 'ਚ ਦਿਨੇਸ਼ ਕਾਰਤਿਕ (ਅਜੇਤੂ 30) ਨੇ ਕੁਝ ਵਧੀਆ ਸ਼ਾਟ ਖੇਡੇ।